ਸਤਵਿੰਦਰ ਬਸਰਾ
ਲੁਧਿਆਣਾ, 28 ਜੁਲਾਈ
ਸਨਅਤੀ ਸ਼ਹਿਰ ਵਿੱਚ ਐਤਵਾਰ ਨੂੰ ਕਈ ਇਲਾਕਿਆਂ ਵਿੱਚ ਮੀਂਹ ਨੇ ਜਲ-ਥਲ ਕਰ ਦਿੱਤਾ ਜਦਕਿ ਕਈ ਇਲਾਕੇ ਪੂਰੇ ਤਰ੍ਹਾਂ ਸੁੱਕੇ ਰਹੇ। ਸਥਾਨਕ ਤਾਜਪੁਰ ਰੋਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦੁਪਹਿਰ ਬਾਅਦ ਆਏ ਮੀਂਹ ਕਾਰਨ ਗਲੀਆਂ ਪੂਰੀ ਤਰ੍ਹਾਂ ਜਲ-ਥਲ ਹੋ ਗਈਆਂ। ਗਲੀਆਂ, ਘਰਾਂ ਦੀਆਂ ਛੱਤਾਂ ’ਤੇ ਬੱਚਿਆਂ ਅਤੇ ਨੌਜਵਾਨਾਂ ਨੇ ਮੀਂਹ ਵਿੱਚ ਨਹਾ ਕੇ ਮੌਸਮ ਦਾ ਖੂਬ ਆਨੰਦ ਮਾਣਿਆ।
ਮੌਨਸੂਨ ਸੀਜ਼ਨ ਹੋਣ ਦੇ ਬਾਵਜੂਦ ਲੋਕਾਂ ਨੂੰ ਗਰਮੀ ਤੋਂ ਕੋਈ ਖਾਸ ਰਾਹਤ ਨਹੀਂ ਮਿਲ ਸਕੀ। ਮੀਂਹ ਮਗਰੋਂ ਹੁੰਮਸ ਜਿਉਂ ਦੀ ਤਿਉਂ ਬਰਕਰਾਰ ਰਹੀ। ਕੁਝ ਦਿਨ ਪਹਿਲਾਂ ਸਥਾਨਕ ਫਿਰੋਜ਼ਪੁਰ ਰੋਡ, ਜਮਾਲਪੁਰ ਰੋਡ ’ਤੇ ਮੀਂਹ ਪਿਆ ਸੀ ਪਰ ਤਾਜਪੁਰ ਰੋਡ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਪੂਰੀ ਤਰ੍ਹਾਂ ਸੁੱਕੇ ਰਹੇ। ਅੱਜ ਸਥਾਨਕ ਤਾਜਪੁਰ ਰੋਡ, ਟਿੱਬਾ ਰੋਡ, ਗੋਪਾਲ ਨਗਰ, ਪੁਨੀਤ ਨਗਰ, ਸੈਂਟਰਲ ਜੇਲ੍ਹ, ਸ਼ਕਤੀ ਨਗਰ, ਜੋਧੇਵਾਲ ਬਸਤੀ ਤੇ ਸਮਰਾਲਾ ਚੌਕ ਆਦਿ ਥਾਵਾਂ ’ਤੇ ਮੀਂਹ ਪਿਆ ਜਦਕਿ ਹੈਬੋਵਾਲ ਕਲਾਂ, ਹੈਬੋਵਾਲ ਖੁਰਦ, ਚੀਮਾ ਚੌਂਕ, ਪੱਖੋਵਾਲ ਰੋਡ, ਦੁਗਰੀ ਤੇ ਫਿਰੋਜ਼ਪੁਰ ਰੋਡ ਪੂਰੀ ਤਰ੍ਹਾਂ ਸੁੱਕੇ ਰਹੇ। ਤਾਜਪੁਰ ਰੋਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਰੀਬ ਇੱਕ ਘੰਟਾ ਪਏ ਮੀਂਹ ਨੇ ਪੂਰੀ ਤਰ੍ਹਾਂ ਜਲ-ਥਲ ਕਰ ਦਿੱਤਾ। ਇਹ ਮੀਂਹ ਇੰਨੀ ਤੇਜ਼ ਆਇਆ ਕਿ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਜਾਣ ਦਾ ਵੀ ਮੌਕਾ ਨਹੀਂ ਦਿੱਤਾ। ਦੇਖਦੇ ਹੀ ਦੇਖਦੇ ਗਲੀਆਂ ਅਤੇ ਸੜਕਾਂ ਪਾਣੀ ਨਾਲ ਭਰ ਗਈਆਂ। ਛੋਟੇ ਬੱਚੇ ਗਲੀਆਂ ਵਿੱਚ ਮੀਂਹ ਦੇ ਪਾਣੀ ਵਿੱਚ ਨਹਾਉਂਦੇ ਵੀ ਦੇਖੇ ਗਏ। ਮੀਂਹ ਦੇ ਹਟ ਜਾਣ ਤੋਂ ਬਾਅਦ ਵੀ ਕਈ ਘੰਟੇ ਪਾਣੀ ਖੜ੍ਹਾ ਰਹਿਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ। ਸੜ੍ਹਕਾਂ ’ਤੇ ਬਣੇ ਟੋਇਆਂ ਵਿੱਚ ਪਾਣੀ ਭਰ ਜਾਣ ਕਰਕੇ ਰਾਹਗੀਰਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਮੀਂਹ ਕਾਰਨ ਭਾਵੇਂ ਇੰਨਾਂ ਇਲਾਕਿਆਂ ਵਿੱਚ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਪਰ ਜਿਹੜੇ ਇਲਾਕੇ ਸੁੱਕੇ ਰਹੇ, ਉਨ੍ਹਾਂ ਵਿੱਚ ਹੁੰਮਸ ਹੋਰ ਕਈ ਗੁਣਾਂ ਵਧ ਹੋ ਗਈ।