ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 16 ਜਨਵਰੀ
ਮਾਲਵੇ ਦੇ ਇਸ ਪੇਂਡੂ ਖੇਤਰ ਦੀਆਂ ਮਹਿਲਾਵਾਂ ਇਸ ਵਾਰ ਚੋਣਾਂ ਦੌਰਾਨ ਨਸ਼ੇ ਵੰਡ ਕੇ ਵੋਟਾਂ ਮੰਗਣ ਵਾਲੇ ਉਮੀਦਵਾਰਾਂ ਦੀ ਵਿਰੋਧਤਾ ਕਰਨਗੀਆਂ ਅਤੇ ਵੋਟ ਪਾਉਣ ਵਾਲੇ ਨੌਜਵਾਨਾਂ ਤੇ ਆਮ ਲੋਕਾਂ ਨੂੰ ਕਾਬਲੀਅਤ ਅਤੇ ਦੂਰਅੰਦੇਸ਼ੀ ਦੇ ਅਧਾਰ ’ਤੇ ਉਮੀਦਵਾਰਾਂ ਦੀ ਚੋਣ ਕਰਨ ਲਈ ਪ੍ਰੇਰਤ ਕਰਨਗੀਆਂ। ਪਿੰਡ ਗੁੱਜਰਵਾਲ ਦੀ ਸਮਾਜਿਕ ਕਾਰਕੁਨ ਗੁਰਿੰਦਰ ਕੌਰ ਗਰੇਵਾਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਇਲਾਕੇ ਦੀਆਂ ਮਹਿਲਾਵਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਆਮ ਲੋਕਾਂ ਨੂੰ ਆਪਣੀ ਵੋਟ ਦੀ ਵਰਤੋਂ ਜਾਤ-ਪਾਤ ਜਾਂ ਫਿਰਕੇ ਦੇ ਅਧਾਰ ’ਤੇ ਕਰਨ ਦੀ ਬਜਾਏ ਉਮੀਦਵਾਰਾਂ ਦੀ ਪਹਿਲੀ ਕਾਰਗੁਜ਼ਾਰੀ ਜਾਂ ਯੋਗਤਾ ਨੂੰ ਮੁੱਖ ਰੱਖ ਕੇ ਕਰਨ ਲਈ ਜਾਗਰੂਕਤਾ ਪੈਦਾ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੈ। ਸ੍ਰੀ ਗਰੇਵਾਲ ਨੇ ਦਲੀਲ ਦਿੱਤੀ ਕਿ ਨਸ਼ੇੜੀ ਵੋਟਰਾਂ ਦੀਆਂ ਗਲਤੀਆਂ ਦਾ ਖਮਿਆਜ਼ਾ ਉਨ੍ਹਾਂ ਦੇ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਸਭ ਤੋਂ ਵੱਧ ਭੁਗਤਣਾ ਪੈਂਦਾ ਹੈ। ਪਿੰਡ ਲਤਾਲਾ ਦੀਆਂ ਮਨਜੀਤ ਕੌਰ ਤੇ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਪੜ੍ਹੀਆਂ ਲਿਖੀਆਂ ਘਰੇਲੂ ਔਰਤਾਂ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੀਆਂ ਲੜਕੀਆਂ ਦੀਆਂ ਟੀਮਾਂ ਕਾਇਮ ਕੀਤੀਆਂ ਹਨ ਹੈ ਜੋ ਕਿ ਆਪਣੇ ਖੇਤਰ ਦੇ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕਰ ਕੇ ਪਿੰਡ ਵਾਸੀਆਂ ਨੂੰ ਵੋਟ ਪਾਉਣ ਵੇਲੇ ਉਮੀਦਵਾਰ ਦੀ ਚੋਣ ਲਈ ਮਾਪਦੰਡਾਂ ਬਾਰੇ ਜਾਗਰੂਕ ਕਰਨਗੀਆਂ। ਸਥਾਨਕ ਅਮਰਪੁਰਾ ਮੁਹੱਲੇ ਦੀ ਵਸਨੀਕ ਐੱਨ ਆਰ ਆਈ ਗੁਰਚਰਨ ਕੌਰ ਜੜਤੌਲੀ ਨੇ ਕਿਹਾ ਕਿ ਪੰਚ ਤੇ ਸਰਪੰਚ ਮਹਿਲਾਵਾਂ ਤੋਂ ਇਲਾਵਾ ਸ਼ਹਿਰਾਂ ਦੀਆਂ ਚੁਣੀਆਂ ਹੋਈਆਂ ਕੌਂਸਲਰਾਂ ਨੂੰ ਵੀ ਇਸ ਮੁਹਿੰਮ ਵਿੱਚ ਅੱਗੇ ਆਉਣਾ ਚਾਹੀਦਾ ਹੈ।