ਗੁਰੂਸਰ ਸੁਧਾਰ (ਪੱਤਰ ਪ੍ਰੇਰਕ): ਲੁਧਿਆਣਾ-ਬਠਿੰਡਾ ਰਾਜ ਮਾਰਗ ਉੱਪਰ ਹਿੱਸੋਵਾਲ ਟੌਲ ਪਲਾਜ਼ਾ ’ਤੇ ਚੱਲ ਰਹੇ ਮੋਰਚੇ ਦੀ ਕਮਾਂਡ ਅੱਜ ਬੀਬੀਆਂ ਨੇ ਸੰਭਾਲ ਲਈ ਹੈ ਤੇ ਇਹ ਮੋਰਚਾ ਅੱਜ ਸੱਤਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਉੱਧਰ ਲੁਧਿਆਣਾ-ਫ਼ਿਰੋਜ਼ਪੁਰ ਰਾਸ਼ਟਰੀ ਰਾਜ ਮਾਰਗ ’ਤੇ ਚੌਕੀਮਾਨ ਲਾਗੇ ਟੋਲ ਪਲਾਜ਼ਾ ਵੀ ਸੱਤਵੇਂ ਦਿਨ ਬੰਦ ਰੱਖਿਆ ਗਿਆ। ਇੱਥੇ ਵੀ ਮੋਰਚੇ ਵਿਚ ਔਰਤਾਂ ਨੇ ਭਰਵੀਂ ਸ਼ਮੂਲੀਅਤ ਕੀਤੀ। ਜਦਕਿ ਲੁਧਿਆਣਾ ਬਠਿੰਡਾ ਰਾਜ ਮਾਰਗ ’ਤੇ ਨੂਰਪੁਰਾ ਲਾਗੇ ਰਿਲਾਇੰਸ ਪੈਟਰੋਲ ਪੰਪ ਦੇ ਬਾਹਰ ਕਿਸਾਨ ਜਥੇਬੰਦੀਆਂ ਦਾ ਧਰਨਾ ਸੱਤਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਇਸੇ ਤਰ੍ਹਾਂ ਲੁਧਿਆਣਾ-ਫ਼ਿਰੋਜਪੁਰ ਰਾਸ਼ਟਰੀ ਰਾਜ ਮਾਰਗ ਉੱਪਰ ਗਹੌਰ ਲਾਗੇ ਰਿਲਾਇੰਸ ਪੰਪ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਨੌਜਵਾਨਾਂ ਨੇ ਮੋਰਚਾ ਸੰਭਾਲ ਲਿਆ ਅਤੇ ਪੰਪ ਮੁਕੰਮਲ ਤੌਰ ‘ਤੇ ਬੰਦ ਕਰ ਦਿੱਤਾ ਹੈ। ਟੌਲ ਪਲਾਜ਼ਿਆਂ ਉੱਪਰ ਲਾਗਲੇ ਪਿੰਡਾਂ ਦੇ ਲੋਕਾਂ ਵੱਲੋਂ ਲੰਗਰ ਪਾਣੀ ਦੇ ਇੰਤਜ਼ਾਮ ਕੀਤੇ ਗਏ ਹਨ। ਅੱਜ ਹਿੱਸੋਵਾਲ ਟੋਲ ਪਲਾਜ਼ਾ ਉੱਪਰ ਪੰਜਾਬ ਸੀਟੂ ਦੇ ਸੂਬਾ ਮੀਤ ਪ੍ਰਧਾਨ ਜਤਿੰਦਰਪਾਲ ਬੱਸੀਆਂ, ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਅਤੇ ਭੱਠਾ ਮਜ਼ਦੂਰ ਆਗੂ ਪ੍ਰਕਾਸ਼ ਸਿੰਘ ਹਿੱਸੋਵਾਲ ਵੀ ਪਹੁੰਚੇ ਅਤੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ।