ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 21 ਅਪਰੈਲ
ਸਬ-ਤਹਿਸੀਲ ਮਾਛੀਵਾੜਾ ਅਧੀਨ ਆਉਂਦੇ 199 ਪਿੰਡ ਅਤੇ ਇੱਕ ਸ਼ਹਿਰ ਦੇ ਮਾਲ ਰਿਕਾਰਡ ਲਈ 22 ਪਟਵਾਰੀਆਂ ਦੀ ਜ਼ਰੂਰਤ ਹੈ ਪਰ ਇੱਥੇ ਕੇਵਲ 2 ਪਟਵਾਰੀ ਹੀ ਤਾਇਨਾਤ ਹਨ, ਜੋ ਲੋਕਾਂ ਦਾ ਕੰਮ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਸਬ-ਤਹਿਸੀਲ ਦੇ 199 ਪਿੰਡਾਂ ਨੂੰ 22 ਸਰਕਲਾਂ ਵਿੱਚ ਵੰਡਿਆ ਗਿਆ ਹੈ, ਜਿੱਥੇ ਕਿ ਮਾਲ ਵਿਭਾਗ ਦਾ ਰਿਕਾਰਡ ਦਰੁਸਤ ਰੱਖਣ, ਰਜਿਸਟਰੀਆਂ ਅਤੇ ਇੰਤਕਾਲ ਦਰਜ ਕਰਨ ਲਈ 22 ਪਟਵਾਰੀਆਂ ਦੀ ਤਾਇਨਾਤੀ ਚਾਹੀਦੀ ਹੈ। ਹਾਲਾਤ ਇਹ ਹਨ ਕਿ 22 ’ਚੋਂ 20 ਪੋਸਟਾਂ ਖਾਲੀ ਪਈਆਂ ਹਨ ਅਤੇ ਇਸ ਸਮੇਂ ਕੇਵਲ 2 ਹੀ ਪਟਵਾਰੀ 22 ਸਰਕਲਾਂ ਦਾ ਕੰਮ ਕਰ ਰਹੇ ਹਨ ਜਿਸ ਕਾਰਨ ਲੋਕਾਂ ਦਾ ਕੰਮ ਵੀ ਪੱਛੜ ਕੇ ਅਤੇ ਖੱਜਲ ਖੁਆਰ ਹੋ ਕੇ ਹੁੰਦਾ ਹੈ। ਸਬ-ਤਹਿਸੀਲ ’ਚ ਪਟਵਾਰੀਆਂ ਦੀ ਘਾਟ ਅਤੇ ਲੋਕਾਂ ਦਾ ਕੰਮ ਕਰਨ ਲਈ ਤਾਇਨਾਤ ਪਟਵਾਰੀਆਂ ਨੇ ਆਪਣੇ ਨਾਲ ਆਰਜ਼ੀ ਤੌਰ ’ਤੇ ਸਹਾਇਕ ਵੀ ਰੱਖੇ ਹੋਏ ਹਨ ਜਿਨ੍ਹਾਂ ਨੂੰ ਪਟਵਾਰੀ ਆਪਣੀ ਜੇਬ ’ਚੋਂ ਹਰੇਕ ਮਹੀਨੇ ਪੈਸੇ ਦਿੰਦੇ ਹਨ। ਮਾਛੀਵਾੜਾ ਸਬ-ਤਹਿਸੀਲ ਵਿੱਚ ਰੀਡਰ ਦੀ ਪੋਸਟ ਵੀ ਖਾਲੀ ਹੈ, ਕੋਈ ਸਫ਼ਾਈ ਸੇਵਕ ਨਹੀਂ ਜਿਸ ਕਾਰਨ ਤਹਿਸੀਲ ’ਚ ਬਣੇ ਬਾਥਰੂਮ ਜਾਂ ਸਫ਼ਾਈ ਦਾ ਕੰਮ ਵੀ ਬਾਹਰੋਂ ਆਰਜ਼ੀ ਤੌਰ ’ਤੇ ਮਜ਼ਦੂਰ ਬੁਲਾ ਕੇ ਕਰਵਾਉਣਾ ਪੈਂਦਾ ਹੈ। ਮਾਛੀਵਾੜਾ ਸਬ-ਤਹਿਸੀਲ ’ਚ ਤਾਇਨਾਤ ਪਟਵਾਰੀ ਕੀਮਤ ਸਿੰਘ ਨੇ ਦੱਸਿਆ ਕਿ ਪਟਵਾਰੀਆਂ ਦੀ ਇਮਾਰਤ ’ਚ ਪੀਣ ਵਾਲੇ ਪਾਣੀ ਲਈ ਉਨ੍ਹਾਂ ਖੁਦ ਬੋਰ ਕਰਵਾਇਆ ਅਤੇ ਜੇ ਪਟਵਾਰਖਾਨਾ ਇਮਾਰਤ ਦੀ ਗੱਲ ਕਰੀਏ ਤਾਂ ਉਹ ਬੇਹੱਦ ਖਸਤਾ ਹਾਲਤ ਵਿੱਚ ਹੈ। ਜੇਕਰ ਮਾਛੀਵਾੜਾ ਸਬ-ਤਹਿਸੀਲ ਦੀ ਕੁਝ ਸਾਲ ਪਹਿਲਾਂ ਬਣੀ ਨਵੀਂ ਇਮਾਰਤ ਦੀ ਗੱਲ ਕਰੀਏ ਤਾਂ ਇਸ ਇਮਾਰਤ ਨੂੰ ਲੱਗਿਆ ਪ੍ਰਮੁੱਖ ਦਰਵਾਜ਼ਾ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਅਤੇ ਕਦੇ ਵੀ ਤਹਿਸੀਲ ’ਚ ਰਿਕਾਰਡ ਜਾਂ ਹੋਰ ਚੋਰੀ ਦੀ ਘਟਨਾ ਵਾਪਰ ਸਕਦੀ ਹੈ।
ਅਧਿਕਾਰੀਆਂ ਨੂੰ ਲਿਖ਼ ਕੇ ਭੇਜਿਆ ਗਿਆ ਹੈ: ਨਾਇਬ ਤਹਿਸੀਲਦਾਰ
ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਨੇ ਕਿਹਾ ਕਿ ਤਹਿਸੀਲ ’ਚ ਪਟਵਾਰੀਆਂ ਦੀਆਂ 20 ਪੋਸਟਾਂ ਖਾਲੀ ਹਨ ਅਤੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿੱਚ ਪ੍ਰੇਸ਼ਾਨੀ ਆ ਰਹੀ ਹੈ। ਇਸ ਸਬੰਧੀ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਵੀ ਲਿਖ਼ਤੀ ਰੂਪ ’ਚ ਭੇਜਿਆ ਹੈ ਕਿ ਤਹਿਸੀਲ ’ਚ ਹੋਰ ਪਟਵਾਰੀ ਤਾਇਨਾਤ ਕੀਤੇ ਜਾਣ। ਸਬ-ਤਹਿਸੀਲ ਦੀ ਇਮਾਰਤ ਦੇ ਟੁੱਟੇ ਦਰਵਾਜ਼ਿਆਂ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਵੀ ਪ੍ਰਸ਼ਾਸਨ ਨੂੰ ਲਿਖ ਕੇ ਭੇਜਿਆ ਗਿਆ ਹੈ।