ਲੁਧਿਆਣਾ: ਜਲੰਧਰ ਬਾਈਪਾਸ ਨੇੜੇ ਉਸਾਰੀ ਅਧੀਨ ਇਮਾਰਤ ਵਿੱਚ ਕੰਮ ਕਰ ਰਹੇ ਤਿੰਨ ਮਜ਼ਦੂਰਾਂ ਨੂੰ ਕਰੰਟ ਲੱਗ ਗਿਆ। ਕਿਸੇ ਤਰ੍ਹਾਂ ਬਿਲਡਿੰਗ ਦੀ ਬਿਜਲੀ ਸਪਲਾਈ ਬੰਦ ਹੋ ਗਈ ਅਤੇ ਤਿੰਨਾਂ ਨੂੰ ਤੁਰੰਤ ਬਾਹਰ ਕੱਢ ਕੇ ਇਲਾਜ ਲਈ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਦੋ ਮਜ਼ਦੂਰ ਜ਼ੇਰੇ ਇਲਾਜ ਹਨ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਲੇਮ ਟਾਬਰੀ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਜਾਂਚ ਤੋਂ ਬਾਅਦ ਮ੍ਰਿਤਕ ਰਾਮ ਨਰੇਸ਼ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮ੍ਰਿਤਕ ਰਾਮ ਨਰੇਸ਼ ਦੀ ਪਤਨੀ ਰੀਨਾ ਨੇ ਦੱਸਿਆ ਕਿ ਉਸ ਦੀ ਪਤੀ ਜਲੰਧਰ ਬਾਈਪਾਸ ਨੇੜੇ ਇੱਕ ਫੈਕਟਰੀ ਵਿੱਚ ਕੰਮ ਕਰ ਰਿਹਾ ਸੀ, ਉਨ੍ਹਾਂ ਨੂੰ ਕਰੰਟ ਲੱਗਾ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੇ ਪਤੀ ਦੀ ਮੌਤ ਹੋ ਗਈ। ਰੀਨਾ ਨੇ ਦੱਸਿਆ ਕਿ ਉਸ ਦਾ 6 ਸਾਲ ਦਾ ਬੇਟਾ ਹੈ। ਪਰਿਵਾਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਹੈ। -ਟਨਸ