ਸੰਤੋਖ ਗਿੱਲ
ਗੁਰੂਸਰ ਸੁਧਾਰ, 30 ਮਈ
ਭਾਰਤ ਵਿਚ ਸੰਗਠਿਤ ਟਰੇਡ ਯੂਨੀਅਨ ਦੇ ਸੌ ਸਾਲ ਪੂਰੇ ਹੋਣ ਮੌਕੇ ਮਨਰੇਗਾ, ਉਸਾਰੀ, ਰੇਹੜੀ-ਫੜ੍ਹੀ ਸਮੇਤ ਹੋਰ ਯੂਨੀਅਨਾਂ ਦੇ ਕਾਮਿਆਂ ਨੇ ਆਪਣੀਆਂ ਕੰਮ ਵਾਲੀਆਂ ਥਾਵਾਂ ਉੱਪਰ ਹੀ ਜਥੇਬੰਦੀ ਦੇ ਝੰਡੇ ਲਹਿਰਾ ਕੇ ਸੀਟੂ ਦਾ 51ਵਾਂ ਸਥਾਪਨਾ ਦਿਵਸ ਮਨਾਇਆ। ਸੀਟੂ ਆਗੂ ਪ੍ਰਿਤਪਾਲ ਸਿੰਘ ਬਿੱਟਾ, ਜਸਵਿੰਦਰ ਕੌਰ ਰਾਜੋਆਣਾ, ਸੁਨੀਲ ਕੁਮਾਰ ਸੇਨ, ਸੰਦੀਪ ਕੌਰ ਪੰਚ ਰਾਜੋਆਣਾ ਅਤੇ ਜਰਨੈਲ ਸਿੰਘ ਹਲਵਾਰਾ ਦੀ ਅਗਵਾਈ ਵਿਚ ਪਿੰਡ ਰਾਜੋਆਣਾ ਖ਼ੁਰਦ, ਹਲਵਾਰਾ, ਬੁਰਜ ਲਿੱਟਾਂ ਸਮੇਤ ਹੋਰ ਕਈ ਇਕਾਈਆਂ ਨੇ ਕਰੋਨਾ ਸਬੰਧੀ ਨਿਯਮਾਂ ਦੀ ਪਾਲਣਾ ਕਰਦਿਆਂ ਝੰਡੇ ਲਹਿਰਾ ਕੇ ਸਾਦੇ ਸਮਾਗਮ ਕੀਤੇ। ਸੀਟੂ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਵਿਚ ਮਜ਼ਦੂਰ ਜਮਾਤ ਦੇ ਹੱਕਾਂ ਲਈ ਲੜਦਿਆਂ ਇੱਕ ਸਦੀ ਦਾ ਇਤਿਹਾਸ ਸੰਘਰਸ਼ਾਂ ਅਤੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਸੀਟੂ ਦੀ ਸਥਾਪਨਾ ਤੋਂ ਲੈ ਕੇ ਅੱਜ ਤੱਕ ਏਕਤਾ ਅਤੇ ਸੰਘਰਸ਼ ਦਾ ਨਾਅਰਾ ਬੁਲੰਦ ਕਰਦਿਆਂ ਇਹ ਪਹਿਲੀ ਵਾਰ ਹੈ ਕਿ ਮੋਦੀ ਹਕੂਮਤ ਨੇ ਮਜ਼ਦੂਰ ਜਮਾਤ ਵੱਲੋਂ ਲੰਮੇ ਸੰਘਰਸ਼ਾਂ ਬਾਅਦ ਪ੍ਰਾਪਤ ਕੀਤੇ ਹੱਕਾਂ ਨੂੰ ਬਚਾਉਣ ਵਾਸਤੇ ਸੰਘਰਸ਼ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਨੇ ਕਾਰਪੋਰੇਟ ਘਰਾਣਿਆਂ ਅਤੇ ਦੇਸੀ-ਵਿਦੇਸ਼ੀ ਬਹੁਕੌਮੀ ਕੰਪਨੀਆਂ ਦਾ ਪੱਖ ਪੂਰਦਿਆਂ 44 ਕਿਰਤ ਕਾਨੂੰਨਾਂ ਦਾ ਭੋਗ ਪਾ ਕੇ 4 ਲੇਬਰ ਕੋਡ ਬਣਾ ਕੇ ਮਜ਼ਦੂਰ ਜਮਾਤ ਦੇ ਹਿੱਤਾਂ ਦਾ ਘਾਣ ਕੀਤਾ ਹੈ। ਇਸ ਮੌਕੇ ਕਮਲਜੀਤ ਕੌਰ, ਜਸਮੇਲ ਕੌਰ, ਕੁਲਵੰਤ ਕੌਰ, ਕਰਮਜੀਤ ਸਿੰਘ ਬੁਰਜ ਲਿੱਟਾਂ, ਸੰਤੋਖ ਸਿੰਘ ਬੁਰਜ ਲਿੱਟਾਂ, ਬੂਟਾ ਸਿੰਘ ਬੁਰਜ ਲਿੱਟਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਰਕਰਾਂ ਨੇ ਕਿਸਾਨੀ ਘੋਲ ਦੀ ਹਮਾਇਤ ਦਾ ਵੀ ਐਲਾਨ ਕੀਤਾ।