ਜੋਗਿੰਦਰ ਸਿੰਘ ਓਬਰਾਏ
ਖੰਨਾ, 2 ਦਸੰਬਰ
ਇਥੋਂ ਦੀ ਲਿਨਫੌਕਸ (ਹਿੰਦੁਸਤਾਨ ਯੂਨੀਲੀਵਰ) ਪ੍ਰਾਈਵੇਟ ਲਿਮਟਿਡ ਕੰਪਨੀ ਦੇ ਪ੍ਰਬੰਧਕਾਂ ਅਤੇ ਕੰਪਨੀ ਦੇ ਕਾਮਿਆਂ ਦਰਮਿਆਨ ਅੱਜ ਕਿਰਤ ਇੰਸਪੈਕਟਰ ਦਫ਼ਤਰ ਖੰਨਾ ਵਿੱਚ ਹੋਈ ਮੀਟਿੰਗ ਬੇਸਿੱਟਾ ਰਹੀ। ਇਸ ਦੇ ਰੋਸ ਵਜੋਂ ਸਮੂਹ ਰੈਗੂਲਰ ਅਤੇ ਕੰਟਰੈਕਟ ਕਰਮਚਾਰੀਆਂ ਨੇ ਖੰਨਾ ਦੇ ਵੱਖ-ਵੱਖ ਬਾਜ਼ਾਰਾਂ ਵਿਚ ਰੋਸ ਰੈਲੀ ਕੀਤੀ ਅਤੇ ਹੱਕੀਂ ਮੰਗਾਂ ਸਬੰਧੀ ਸੰਘਰਸ਼ ਤੇਜ਼ ਕਰਨ ਦਾ ਫ਼ੈਸਲਾ ਕੀਤਾ। ਲਿਨਫੌਕਸ ਦੇ ਕਾਮੇ ਕੰਪਨੀ ਦੇ ਸਥਾਨਕ ਡੀਪੂ ਨੂੰ ਬੰਦ ਕਰਨ ਦਾ ਵਿਰੋਧ ਕਰ ਰਹੇ ਹਨ।
ਰੋਸ ਪ੍ਰਦਰਸ਼ਨ ਦੌਰਾਨ ਮਲਕੀਤ ਸਿੰਘ ਅਤੇ ਹਰਜਿੰਦਰ ਸਿੰਘ ਨੇ ਕਿਹਾ ਕਿ 300 ਤੋਂ ਵੱਧ ਕੱਚੇ-ਪੱਕੇ ਕਾਮਿਆਂ ਦੇ ਰੁਜ਼ਗਾਰ ਦੀ ਬਹਾਲੀ ਰੱਖਣ ਤੋਂ ਇਲਾਵਾ ਸਾਲਾਸਰ ਤੇ ਟੈੱਕ ਲੌਜੀਸਟਿਕ ਕੰਪਨੀ ਦੇ 45 ਕੰਟਰੈਕਟਰ ਕਰਮਚਾਰੀਆਂ, 160 ਦੇ ਕਰੀਬ ਲੋਡਿੰਗ ਤੇ ਅਣਲੋਡਿੰਗ ਕਰਨ ਵਾਲੀ ਲੇਬਰ ਵੱਲੋਂ ਅਕਤੂਬਰ ਮਹੀਨੇ ਕੀਤੇ ਕੰਮ ਦੀ ਤਨਖਾਹ ਤੇ ਬੋਨਸ ਦੇ ਬਣਦੇ ਕਾਨੂੰਨੀ ਹੱਕ ਦੀ ਪ੍ਰਾਪਤੀ ਲਈ ਆਵਾਜ਼ ਉਠਾਈ ਗਈ ਸੀ।
ਇਸ ਤੋਂ ਇਲਾਵਾ ਹਟਾਏ ਸਫ਼ਾਈ ਸੇਵਕਾਂ ਨੂੰ ਕੰਮ ਨੂੰ ਬਹਾਲ ਕਰਨ, ਮੁਨਾਫ਼ੇ ਦੇ ਬਾਵਜੂਦ ਕੰਪਨੀ ਵੱਲੋਂ ਰੈਗੂਲਰ ਕਰਮਚਾਰੀਆਂ ਨੂੰ ਸਾਲਾਨਾ ਬੋਨਸ ਦੇਣ ਦੀ ਥਾਂ ਸਿਰਫ਼ 8.33 ਫ਼ੀਸਦੀ ਦੇਣ, ਕੰਟਰੈਕਟ ਕਾਮਿਆਂ ਨੂੰ ਧੋਖੇ ਨਾਲ ਮਹੀਨਾਵਾਰ ਤਨਖਾਹਾਂ ਨਾਲ ਬੋਨਸ ਦੇਣ ਆਦਿ ਮੁੱਦੇ ਇਸ ਮੀਟਿੰਗ ਵਿੱਚ ਚੁੱਕੇ ਗਏ ਸਨ। ਕਿਰਤ ਵਿਭਾਗ ਦੇ ਇੰਸਪੈਟਕਰ ਵੱਲੋਂ ਹੁਣ ਇਹ ਮੀਟਿੰਗ 8 ਦਸੰਬਰ ਨੂੰ ਰੱਖੀ ਗਈ ਹੈ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਮਜ਼ਦੂਰਾਂ ਦੇ ਹੱਕ ਨਹੀਂ ਮਿਲਦੇ, ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬਲਵਿੰਦਰ ਸਿੰਘ, ਸੁਰਿੰਦਰ ਸਿੰਘ, ਪਲਵਿੰਦਰ ਸਿੰਘ, ਕਰਮਜੀਤ ਸਿੰਘ ਆਦਿ ਹਾਜ਼ਰ ਸਨ।