ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 5 ਜੂਨ
ਮੂੰਗੀ ਦੀ ਫ਼ਸਲ ਸਬੰਧੀ ਸਰਕਾਰ ਵੱਲੋਂ ਲਏ ਫ਼ੈਸਲੇ ਤੇ ਲਾਈਆਂ ਸ਼ਰਤਾਂ ਖ਼ਿਲਾਫ਼ ਗੱਲਾ ਮਜ਼ਦੂਰਾਂ ਵੱਲੋਂ ਸ਼ੁਰੂ ਕੀਤੀ ਗਈ ਹੜਤਾਲ ਅੱਜ ਇਥੇ ਤੀਜੇ ਦਿਨ ਜਾਰੀ। ਗੱਲਾ ਮਜ਼ਦੂਰ ਯੂਨੀਅਨ ਦੇ ਆਗੂਆਂ ਪ੍ਰਧਾਨ ਦੇਵਰਾਜ ਅਤੇ ਸੂਬਾ ਕਮੇਟੀ ਮੈਂਬਰ ਰਾਜਪਾਲ ਪਾਲਾ ਦੀ ਅਗਵਾਈ ’ਚ ਮਜ਼ਦੂਰਾਂ ਨੇ ਮੰਡੀ ਵਿੱਚ ਰੋਹ ਭਰਪੂਰ ਧਰਨਾ ਦਿੱਤਾ। ਉਧਰ ਆੜ੍ਹਤੀਆਂ ਦਾ ਇਕ ਧੜਾ ਹਲਕਾ ਵਿਧਾਇਕ ’ਤੇ ਟੇਕ ਰੱਖਦਾ ਊਠ ਦੇ ਬੁੱਲ੍ਹ ਡਿੱਗਣ ਦੀ ਆਸ ਲਾਈ ਬੈਠਾ ਹੈ ਤੇ ਦੂਜੇ ਧੜੇ ਨੇ ਪੰਜਾਬ ਸਰਕਾਰ ਨੂੰ ਮੂੰਗੀ ਦੀ ਖਰੀਦ ਵੇਚ ਦੇ ਮਸਲੇ ’ਤੇ ਲਾਈਆਂ ਨਾਜਾਇਜ਼ ਸ਼ਰਤਾਂ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਪੱਧਰ ’ਤੇ ਹੜਤਾਲ ਦੀ ਚਿਤਾਵਨੀ ਦਿੱਤੀ ਹੋਈ ਹੈ। ਅੱਜ ਦੇ ਧਰਨੇ ’ਚ ਬੋਲਦਿਆਂ ਮਜ਼ਦੂਰ ਆਗੂਆਂ ਨੇ ਕਿਹਾ ਕਿ ਮੂੰਗੀ ਦੀ ਵੇਚ ਖ਼ਰੀਦ ਦਾ ਕੰਮ ਮੰਡੀ ’ਚ ਪਹਿਲਾਂ ਦੀ ਤਰ੍ਹਾਂ ਸਾਰੇ ਆੜ੍ਹਤੀ ਵਰਗ ਨੂੰ ਦਿੱਤਾ ਜਾਵੇ ਤਾਂ ਕਿ ਗੱਲਾ ਮਜ਼ਦੂਰ ਵੀ ਮਜ਼ਦੂਰੀ ਕਰ ਕੇ ਰੋਟੀ ਕਮਾ ਸਕਣ। ਬੀਕੇਯੂ ਏਕਤਾ ਡਕੌਂਦਾ ਦੇ ਇੰਦਰਜੀਤ ਸਿੰਘ ਧਾਲੀਵਾਲ ਨੇ ਵੀ ਧਰਨੇ ’ਚ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਉਹ ਹਲਕਾ ਵਿਧਾਇਕ ਨੂੰ ਇਸ ਮਸਲੇ ’ਤੇ ਮੰਗ ਪੱਤਰ ਦੇ ਕੇ ਆਏ ਹਨ ਕਿਉਂਕਿ ਇਸ ਫ਼ਸਲ ਦੀ ਵੇਚ ਤੇ ਖ਼ਰੀਦ ਸਬੰਧੀ ਮੜ੍ਹੀਆਂ ਸ਼ਰਤਾਂ ਕਿਸਾਨਾਂ ਨੂੰ ਕਦਾਚਿੱਤ ਵੀ ਪ੍ਰਵਾਨ ਨਹੀਂ ਹਨ। ਉਨ੍ਹਾਂ ਮੰਡੀ ਦੇ ਗੱਲਾ ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਸੰਘਰਸ਼ ਨੂੰ ਇਕਜੁੱਟ ਤੇ ਮਜ਼ਬੂਤ ਬਣਾਉਣ ਲਈ ਧੜੇਬੰਦੀ ਤੋਂ ਉੱਪਰ ਉੱਠਣ ਦੀ ਅਪੀਲ ਕੀਤੀ।