ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 2 ਮਈ
ਫ਼ਸਲ ਦੀ ਚੁਕਾਈ ਨਾ ਹੋਣ ਦੀ ਸਮੱਸਿਆ ਤੋਂ ਭੜਕੇ ਮਜ਼ਦੂਰਾਂ ਨੇ ਐਤਵਾਰ ਨੂੰ ਅਚਨਚੇਤ ਇਥੋਂ ਦੀ ਮੰਡੀ ਦਾ ਮੁੱਖ ਗੇਟ ਬੰਦ ਕਰਕੇ ਧਰਨਾ ਲਗਾ ਦਿੱਤਾ। ਗੱਲਾ ਮਜ਼ਦੂਰ ਯੂਨੀਅਨ ਦੀ ਅਗਵਾਈ ’ਚ ਦਿੱਤੇ ਧਰਨੇ ਨੂੰ ਕਿਸਾਨਾਂ ਅਤੇ ਆੜ੍ਹਤੀਆਂ ਦੀ ਵੀ ਹਮਾਇਤ ਮਿਲੀ। ਜਥੇਬੰਦੀਆਂ ਨੇ ਸੰਘਰਸ਼ ਦੀ ਅਗਾਊਂ ਤਾੜਨਾ ਕੀਤੀ ਹੋਈ ਸੀ ਪਰ ਪ੍ਰਸ਼ਾਸਨ ਨੂੰ ਐਤਵਾਰ ਨੂੰ ਅਜਿਹਾ ਹੋਣ ਦੀ ਉੱਕਾ ਹੀ ਉਮੀਦ ਨਹੀਂ ਸੀ। ਅਚਾਨਕ ਧਰਨਾ ਲੱਗਣ ਅਤੇ ਗੇਟ ਬੰਦ ਕਰਨ ਕਰਕੇ ਢੋਆ ਢੁਆਈ ’ਚ ਲੱਗੇ ਟਰੱਕ ਅਤੇ ਹੋਰ ਵਾਹਨਾਂ ਦਾ ਚੱਕਾ ਜਾਮ ਹੋ ਗਿਆ। ਗੇਟ ਦੇ ਬਾਹਰ ਟਰੱਕਾਂ ਦੀ ਲੰਮੀ ਕਤਾਰ ਲੱਗ ਗਈ ਅਤੇ ਮੰਡੀ ਵਿਚਲੇ ਵਾਹਨ ਵੀ ਅੰਦਰ ਹੀ ਫਸ ਗਏ। ਧਰਨਾਕਾਰੀਆਂ ਨੇ ਠੇਕੇਦਾਰਾਂ ਅਤੇ ਖਰੀਦ ਏਜੰਸੀਆਂ ਦੇ ਨਾਲ-ਨਾਲ ਸਰਕਾਰ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਆਗੂਆਂ ਦਾ ਕਹਿਣਾ ਸੀ ਕਿ ਉਨ੍ਹਾਂ ਪ੍ਰਸ਼ਾਸਨ ਨੂੰ ਦੋ ਦਿਨ ਦਾ ਅਲਟੀਮੇਟਮ ਦਿੱਤਾ ਹੋਇਆ ਸੀ। ਮਾਮਲਾ ਸੁਲਝਣ ਦੀ ਥਾਂ ਉਲਝਦਾ ਦਿਖਾਈ ਦੇਣ ’ਤੇ ਹੀ ਉਹ ਅੱਜ ਧਰਨਾ ਲਾਉਣ ਲਈ ਮਜਬੂਰ ਹੋਏ ਹਨ। ਉਨ੍ਹਾਂ ਭਲਕ ਤੱਕ ਮਸਲਾ ਹੱਲ ਨਾ ਹੋਣ ’ਤੇ ਐੱਸਡੀਐੱਮ ਦਫ਼ਤਰ ਦਾ ਘਿਰਾਉ ਕਰਨ ਦੀ ਚਿਤਾਵਨੀ ਦਿੱਤੀ।
ਮਜ਼ਦੂਰ ਆਗੂ ਕੰਵਲਜੀਤ ਖੰਨਾ, ਰਾਜਪਾਲ ਬਾਬਾ, ਦੇਵ ਰਾਜ, ਕੁਲਦੀਪ ਸਿੰਘ ਸਹੋਤਾ ਦੀ ਅਗਵਾਈ ’ਚ ਮਾਰਕੀਟ ਕਮੇਟੀ ਦਫ਼ਤਰ ਦੇ ਗੇਟ ਅੱਗੇ ਕੀਤੀ ਗਈ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ, ਖਰੀਦ ਏਜੰਸੀਆਂ, ਠੇਕੇਦਾਰਾਂ, ਮੰਡੀਕਰਨ ਬੋਰਡ ਦੀ ਨਾਲਾਇਕੀ ਦਾ ਅਸਰ ਪੂਰੇ ਸੂਬੇ ਭਰ ’ਚ ਗੱਲਾ ਮਜ਼ਦੂਰਾਂ, ਕਿਸਾਨਾਂ ਅਤੇ ਆੜ੍ਹਤੀ ਵਰਗ ਨੂੰ ਭੁਗਤਣਾ ਪੈ ਰਿਹਾ ਹੈ। ਸਿੱਟੇ ਵਜੋਂ ਆਪਣੀ ਆਵਾਜ਼ ਬੋਲੇ ਕੰਨਾਂ ਤੱਕ ਪਹੁੰਚਦੀ ਕਰਨ ਲਈ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਮੰਡੀ ਜਗਰਾਉਂ ’ਚ ਇਹ ਰੋਹ ਭਰਪੂਰ ਐਕਸ਼ਨ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਵਾਧੂ ਮੁਨਾਫ਼ਾਖੋਰੀ ਲਈ ਚੁਕਾਈ ਦੇ ਕੰਮ ’ਚ ਜਾਣਬੁੱਝ ਕੇ ਦੇਰੀ ਕਰ ਰਹੇ ਹਨ ਜਿਸ ’ਚ ਮਿਲੀਭੁਗਤ ਹੋਣ ਕਰਕੇ ਅਧਿਕਾਰੀ ਸਾਥ ਦਿੰਦੇ ਹਨ। ਬੀਕੇਯੂ ਆਗੂ ਇੰਦਰਜੀਤ ਸਿੰਘ ਧਾਲੀਵਾਲ, ਆੜ੍ਹਤੀ ਆਗੂਆਂ ਸੁਰਜੀਤ ਸਿੰਘ ਕਲੇਰ, ਸਵਰਨਜੀਤ ਸਿੰਘ ਗਿੱਦੜਵਿੰਡੀ, ਮਜ਼ਦੂਰ ਆਗੂ ਜਗਤਾਰ ਸਿੰਘ ਤਾਰੀ ਨੇ ਮਸਲਾ ਪਹਿਲ ਦਾ ਆਧਾਰ ’ਤੇ ਹੱਲ ਕਰਨ ਦੀ ਮੰਗ ਕੀਤੀ ਹੈ। ਪੰਜਾਬ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਮੰਡੀਆਂ ’ਚ ਬਾਰਦਾਨਾ ਪੂਰੀ ਮਾਤਰਾ ’ਚ ਨਹੀਂ ਪਹੁੰਚਿਆ ਅਤੇ ਲਿਫਟਿੰਗ ਦੇ ਮਾਮਲੇ ’ਚ ਤਾਂ ਸਰਕਾਰੀ ਪ੍ਰਬੰਧ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ। 72 ਘੰਟੇ ’ਚ ਚੁਕਾਈ ਦੇ ਨਿਯਮਾਂ ਦੇ ਬਾਵਜੂਦ ਦੋ-ਦੋ ਹਫਤੇ ਦੀਆਂ ਭਰੀਆਂ ਬੋਰੀਆਂ ਖੁੱਲ੍ਹੇ ਅਸਮਾਨ ਹੇਠ ਮੰਡੀਆਂ ’ਚ ਲਾਵਾਰਿਸ ਪਸ਼ੂਆਂ ਅਤੇ ਚੋਰਾਂ ਦਾ ਖਾਜਾ ਬਣ ਰਹੀਆਂ ਹਨ।