ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਜੁਲਾਈ
ਇੱਥੋਂ ਦੇ ਪ੍ਰਤਾਪ ਕਾਲਜ ਆਫ ਐਜੂਕੇਸ਼ਨ ਵਿੱਚ ‘ਸਕੂਲ ਇੰਟਰਨਸ਼ਿਪ ਓਰੀਐਂਟੇਸ਼ਨ ਵਰਕਸ਼ਾਪ’ ਲਾਈ ਗਈ। ਇਸ ਵਿੱਚ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਉਨ੍ਹਾਂ ਵੱਲੋਂ ਨਿਭਾਈਆਂ ਜਾਣ ਵਾਲੀਆਂ ਜਿੰਮੇਵਾਰੀਆਂ ਤੋਂ ਜਾਣੂ ਕਰਵਾਇਆ ਗਿਆ।
ਕਾਲਜ ਦੇ ਡਾਇਰੈਕਟਰ ਡਾ. ਬਲਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਸਕੂਲ ਵਿੱਚ ਜਾਣ ਤੋਂ ਪਹਿਲਾਂ ਧਿਆਨ ਵਿੱਚ ਰੱਖਣ ਵਾਲੀਆਂ ਗੱਲਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਇੱਕ ਚੰਗਾ ਅਧਿਆਪਕ ਉਹ ਹੈ ਜੋ ਵਿਸ਼ੇ ਵਿੱਚ ਤਾਂ ਮਾਹਿਰ ਹੋਵੇ ਹੀ ਸਗੋਂ ਨਾਲ ਦੀ ਨਾਲ ਵਿਦਿਆਰਥੀਆਂ ਨੂੰ ਰੋਜ਼ਾਨਾ ਪੇਸ਼ ਆਉਂਦੀਆਂ ਮੁਸ਼ਕਲਾਂ ਦੇ ਹੱਲ ਲਈ ਵੀ ਪ੍ਰੇਰਿਤ ਕਰੇ। ਅਧਿਆਪਕ ਉਹਨਾਂ ਦੀ ਜੀਵਨ ਦੇ ਹਰ ਖੇਤਰ ਵਿੱਚ ਅਗਵਾਈ ਕਰੇ। ਸਕੂਲ ਵਿੱਚ ਜਾ ਕੇ ਹੀ ਤੁਸੀਂ ਅਧਿਆਪਕ ਬਣਨ ਦੀ ਸਿਖਲਾਈ ਪ੍ਰਾਪਤ ਕਰਦੇ ਹੋ। ਕਾਲਜ ਪ੍ਰਿੰਸੀਪਲ ਕਿਹਾ ਕਿ ਇੱਕ ਚੰਗਾ ਅਧਿਆਪਕ ਉਹ ਹੀ ਹੈ ਜੋ ਵਿਦਿਆਰਥੀਆਂ ਦੇ ਪੱਧਰ ’ਤੇ ਜਾ ਕੇ ਉਹਨਾਂ ਨੂੰ ਸਿੱਖਿਆ ਪ੍ਰਦਾਨ ਕਰੇ। ਅਧਿਆਪਕ ਨੂੰ ਵਿਦਿਆਰਥੀ ਦੀ ਮਨੋਵਿਗਿਆਨ ਅਨੁਸਾਰ ਹੀ ਪੜ੍ਹਾਉਣਾ ਚਾਹੀਦਾ ਹੈ। ਅਸਿਸਟੈਂਟ ਪ੍ਰੋਫੈਸਰ ਪ੍ਰਵੀਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੀਆਂ ਵੱਖ ਵੱਖ ਵਿਧੀਆਂ ’ਤੇ ਚਾਨਣਾ ਪਾਇਆ।