ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 30 ਅਪਰੈਲ
ਪੱਤਰਕਾਰਾਂ, ਪੈਨਸ਼ਨਰਾਂ, ਜਨਤਕ ਜਥੇਬੰਦੀਆਂ ਵਾਂਗ ਹੁਣ ਸਾਹਿਤਕਾਰਾਂ ਨੇ ਸੂਬਾ ਸਰਕਾਰ ਤੋਂ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਰਾਹੀਂ ‘ਸਾਹਿਤ ਸਦਨ’ ਦੀ ਮੰਗ ਕੀਤੀ ਹੈ। ਸਾਹਿਤ ਸਭਾ ਦੇ ਸਰਪਰਸਤ ਅਵਤਾਰ ਜਗਰਾਉਂ, ਪ੍ਰਧਾਨ ਪ੍ਰਭਜੋਤ ਸੋਹੀ ਦੀ ਅਗਵਾਈ ਹੇਠ ਪ੍ਰੋ. ਕਰਮ ਸਿੰਘ ਸੰਧੂ, ਗੁਰਜੀਤ ਸਹੋਤਾ, ਹਰਚੰਦ ਗਿੱਲ, ਹਰਬੰਸ ਅਖਾੜਾ ਅਤੇ ਸਕੱਤਰ ਰਾਜਦੀਪ ਤੂਰ ਆਦਿ ਸਾਹਿਤਕਾਰਾਂ ਦਾ ਵਫ਼ਦ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੂੰ ਆਪਣੀਆਂ ਮੰਗਾਂ ਸਬੰਧੀ ਮਿਲਿਆ। ਬੀਬੀ ਨੂੰ ਗੁਲਦਸਤਾ ਭੇਟ ਕਰਨ ਤੋਂ ਬਾਅਦ ਸਾਹਿਤਕਾਰਾਂ ਨੇ ਆਪਣੀ ਮੰਗ ਰੱਖੀ ਕਿ ਇਥੇ ਦੋ ਤਿੰਨ ਸਾਹਿਤਕ ਜਥੇਬੰਦੀਆਂ ਮਾਂ ਬੋਲੀ ਦੀ ਸੇਵਾ’ਚ ਜੁੱਟੀਆਂ ਹੋਈਆਂ ਹਨ। ਪਰ ਸਾਹਿਤਕ ਸਮਾਗਮ ਕਰਵਾਉਣ ਲਈ ਕੋਈ ਵੀ ‘ਸਾਹਿਤ ਸਦਨ’ ਨਹੀਂ ਹੈ।
ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਸਾਹਿਤਕਾਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਇਹ ਮੰਗ ਜਲਦੀ ਪੂਰੀ ਕੀਤੀ ਜਾਵੇਗੀ । ਇੱਥੇ ਦੱਸਣਯੋਗ ਹੈ ਕਿ ਸਾਹਿਤਕਾਰਾਂ ਤੋਂ ਪਹਿਲਾਂ ਪਿਛਲੀਆਂ ਸਰਕਾਰਾਂ ਤੋਂ ਪੱਤਰਕਾਰ ਭਾਈਚਾਰਾ ਵੀ ‘ਪ੍ਰੈਸ ਕਲੱਬ’ ਲਈ ਜਗ੍ਹਾ ਦੀ ਮੰਗ ਕਰ ਚੁੱਕਾ ਹੈ।