ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 3 ਸਤੰਬਰ
ਦਿੱਲੀ-ਅੰਮ੍ਰਿਤਸਰ ਹਾਈਵੇਅ ’ਤੇ ਲੱਗੇ ਸਾਈਨ ਬੋਰਡਾਂ ’ਤੇ ਲਿਖੇ ਇਲਾਕਿਆਂ ਦੇ ਗਲਤ ਨਾਵਾਂ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਰਾਸ਼ਟਰੀ ਤੇ ਰਾਜ ਮਾਰਗਾਂ ’ਤੇ ਲੱਗੇ ਇਹ ਬੋਰਡ ਜੋ ਰਾਹਗੀਰਾਂ ਦਾ ਰਾਹ ਦਸੇਰਾ ਬਣਦੇ ਹਨ, ਉਨ੍ਹਾਂ ’ਤੇ ਲਿਖੇ ਇਲਾਕਿਆਂ ਦੇ ਨਾਂ ਪੜ੍ਹਨ ਵਾਲੇ ਵਿਅਕਤੀ ਇਕ ਵਾਰ ਜ਼ਰੂਰ ਚੱਕਰਾਂ ਵਿਚ ਪੈ ਜਾਂਦੇ ਹਨ। ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇਅ-44 ਤੇ ਦੋਰਾਹਾ ਨੇੜੇ ਪਿੰਡ ਮੱਲ੍ਹੀਪੁਰ ਨੂੰ ਪੰਜਾਬੀ ਵਿਚ ਮਾਲੀਪੁਰ ਅਤੇ ਲੁਧਿਆਣਾ ਨੂੰ ਮੋਦੀਆਣਾ ਲਿਖਿਆ ਗਿਆ ਹੈ। ਇਨ੍ਹਾਂ ਪਿੰਡਾਂ ਅੰਦਰ ਰਹਿੰਦੇ ਅਕਾਲੀ, ਕਾਂਗਰਸ ਤੇ ‘ਆਪ’ ਦੇ ਆਗੂ ਵੀ ਇਨ੍ਹਾਂ ਪ੍ਰਤੀ ਇੰਨੇ ਅਵੇਸਲੇ ਹਨ ਕਿ ਕਿਸੇ ਨੇ ਠੀਕ ਕਰਵਾਉਣ ਦਾ ਉਪਰਾਲਾ ਨਹੀਂ ਕੀਤਾ। ਜੋ ਬੋਰਡ ਸਹੀ ਹਨ, ਉਨ੍ਹਾਂ ਨੂੰ ਝਾੜੀਆਂ ਨੇ ਆਪਣੀ ਬੁੱਕਲ ਵਿਚ ਲੈ ਲਿਆ ਹੈ। ਇਨ੍ਹਾਂ ਬੋਰਡਾਂ ਦੇ ਲਿਖੀ ਗਲਤ ਪੰਜਾਬੀ ਦੇ ਅਨਰਥ ਕਰਨ ਸਬੰਧੀ ਲੋਕਾਂ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇਅ ਅਥਾਰਟੀ ਕੇਂਦਰ ਅਧੀਨ ਹੋਣ ਕਾਰਨ ਲੁਧਿਆਣਾ ਮੋਦੀਆਣਾ ਦਰਸਾ ਰਹੀ ਹੈ। ਗਲਤੀ ਲਈ ਜ਼ਿੰਮੇਵਾਰੀ ਨੈਸ਼ਨਲ ਹਾਈਵੇਅ ਅਥਾਰਿਟੀ ਦੇ ਨਾਲ ਨਾਲ ਪ੍ਰਸ਼ਾਸਨਿਕ ਤੌਰ ’ਤੇ ਸਬ ਡਿਵੀਜ਼ਨ ਪੱਧਰ ਦੇ ਅਧਿਕਾਰੀਆਂ ਦੀ ਵੀ ਬਣਦੀ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਯੂਥ ਆਗੂ ਕਮਲਦੀਪ ਸਿੰਘ ਲਾਡੀ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਾਈਨ ਬੋਰਡ ਮਾੜੇ ਸਿਸਟਮ ਦਾ ਮੂੰਹ ਚਿੜਾ ਰਹੇ ਹਨ, ਕਿਉਂਕਿ ਪੰਜਾਬ ਤੇ ਕੇਂਦਰ ਸਰਕਾਰ ਦੇ ਮੰਤਰੀ ਰੋਜ਼ਾਨਾ ਇਸ ਮਾਰਗ ਤੇ ਵਿਚਰਦੇ ਹਨ ਪਰ ਕਿਸੇ ਵੀ ਅਧਿਕਾਰੀ ਦਾ ਇਸ ਪਾਸੇ ਧਿਆਨ ਨਹੀਂ ਗਿਆ। ਇਸ ਮੌਕੇ ਇਲਾਕੇ ਦੇ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੰਜਾਬ ਅੰਦਰ ਲੱਗੇ ਸਾਈਨ ਬੋਰਡਾਂ ਨੂੰ ਦਰੁਸਤ ਕੀਤਾ ਜਾਵੇ ਅਤੇ ਅੱਗੇ ਤੋਂ ਗਲਤੀ ਸੁਧਾਰਨ ਲਈ ਯੋਗ ਕਦਮ ਉਠਾਏ ਜਾਣ।