ਸਤਵਿੰਦਰ ਬਸਰਾ
ਲੁਧਿਆਣਾ, 24 ਅਗਸਤ
‘ਮੱਤੇਵਾੜਾ ਜੰਗਲ ਬਚਾਓ’ ਮੁਹਿੰਮ ਤਹਿਤ ਅੱਜ ਪਬਲਿਕ ਐਕਸ਼ਨ ਕਮੇਟੀ ਲੁਧਿਆਣਾ ਦੇ ਨੁਮਾਇੰਦਿਆਂ ਨਾਲ ਫਿਲਮੀ ਅਦਾਕਾਰ ਯੋਗਰਾਜ ਸਿੰਘ ਨੇ ਵੀ ਮੱਤੇਵਾੜਾ ਪਹੁੰਚ ਕਿ ਨਾ ਸਿਰਫ਼ ਮੱਤੇਵਾੜਾ ਦੇ ਜੰਗਲਾਂ ਨੂੰ ਬਚਾਉਣ ਲਈ ਹਾਅ ਦਾ ਨਾਅਰਾ ਮਾਰਿਆ ਸਗੋਂ ਨਵੇਂ ਬੂਟੇ ਲਾ ਕਿ ਹੋਰਨਾਂ ਨੂੰ ਵੀ ਜੰਗਲ ਬਚਾਉਣ ਲਈ ਪ੍ਰੇਰਿਤ ਕੀਤਾ। ਇਸ ਮੁਹਿੰਮ ਵਿਚ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਤੇ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰਾਂ ਡਾ. ਡੀਬੀਐਸ ਸ਼ਾਹ, ਕਰਨਲ ਐਚਐਸ ਕਾਹਲੋਂ, ਕਰਨਲ ਲਖਨਪਾਲ, ਡੀਜੀਪੀ ਰਿਟਾਇਰਡ ਗੁਰਦਰਸ਼ਨ ਸਿੰਘ, ਜਸਕੀਰਤ ਸਿੰਘ, ਡਾ. ਅਮਨਦੀਪ ਸਿੰਘ, ਇੰਜ. ਕਪਿਲ ਅਰੋੜਾ, ਕੁਲਦੀਪ ਸਿੰਘ ਖਹਿਰਾ, ਗਣੇਸ਼ ਐਸ ਖੁਰਾਨਾ, ਗੁਰਜੀਤ ਸੰਘੇੜਾ, ਮਨਜਿੰਦਰ ਸਿੰਘ ਬਾਵਾ, ਅਸ਼ਿਵੰਦਰ ਸੇਠੀ ਨੇ ਅੱਗੇ ਹੋ ਕਿ ਮੁਹਿੰਮ ਦਾ ਸਾਥ ਦਿੱਤਾ।
ਇਸ ਮੌਕੇ ਯੋਗਰਾਜ ਸਿੰਘ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਅਸੀਂ ਵਿਕਾਸ ਦੇ ਨਾਂ ’ਤੇ ਜੰਗਲਾਂ ਦਾ ਉਜਾੜਾ ਕਰ ਕੇ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਾਂ। ਹੁਣ ਮੱਤੇਵਾੜੇ ਦੇ ਜੰਗਲਾਂ ਨੇੜੇ ਉਦਯੋਗ ਸਥਾਪਤ ਕਰਨ ਦੀ ਪਲਾਨਿੰਗ ਨਾਲ ਨਾ ਸਿਰਫ਼ ਜੰਗਲ ਖ਼ਤਮ ਹੋਣ ਦਾ ਡਰ ਬਣ ਗਿਆ ਸਗੋਂ ਇੱਥੇ ਰਹਿੰਦੇ ਸੈਂਕੜੇ ਕਿਸਮ ਦੇ ਪੰਛੀਆਂ ਤੇ ਜਾਨਵਰਾਂ ਆਦਿ ਦੇ ਜੀਵਨ ਲਈ ਵੀ ਖ਼ਤਰਾ ਪੈਦਾ ਹੋ ਗਿਆ ਹੈ। ਇੱਥੇ ਲੱਗਣ ਵਾਲੇ ਰੰਗਾਈ ਦੇ ਕਾਰਖਾਨਿਆਂ ਵਿੱਚੋਂ ਨਿਕਲਣ ਵਾਲਾ ਤੇਜ਼ਾਬੀ ਪਾਣੀ ਸਤਲੁਜ ਵਿੱਚ ਸੁੱਟ ਦਿੱਤਾ ਜਾਵੇਗਾ। ਕੁਝ ਸਮੇਂ ਬਾਅਦ ਫਿਰ ਸਤਲੁਜ ਦੀ ਹਾਲਤ ਵੀ ਬੁੱਢੇ ਦਰਿਆ ਤੋਂ ਬਣੇ ਬੁੱਢੇ ਨਾਲੇ ਵਰਗੀ ਹੋ ਜਾਵੇਗੀ। ਉਨ੍ਹਾਂ ਨੇ ਇਸ ਜੰਗਲ ਦੇ ਉਜਾੜੇ ਨੂੰ ਰੋਕਣ ਲਈ ਇੱਕ ਮੁੱਠ ਹੋ ਕਿ ਅੱਗੇ ਆਉਣ ਦਾ ਸੱਦਾ ਦਿੱਤਾ। ਸ਼ਮਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਰੁੱਖ ਸਾਡੀ ਜ਼ਿੰਦਗੀ ਦਾ ਬੁਨਿਆਦੀ ਹਿੱਸਾ ਹਨ।