ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 4 ਨਵੰਬਰ
ਡਾਬਾ ਰੋਡ ਦੇ ਗਗਨ ਨਗਰ ਇਲਾਕੇ ’ਚ ਨਸ਼ੇ ’ਚ ਕੁਝ ਨੌਜਵਾਨਾਂ ’ਤੇ ਬਜ਼ੁਰਗ ਨਾਲ ਬਦਫੈਲੀ ਕਰਨ ਦਾਦੋਸ਼ ਹੈ।ਹਾਲਤ ਗੰਭੀਰ ਹੋਣ ਤੋਂ ਬਾਅਦ ਬਜ਼ੁਰਗ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਈਐਸਆਈ ਹਸਪਤਾਲ ਰੈਫ਼ਰ ਕਰ ਦਿੱਤਾ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਵਿਅਕਤੀ ਦੀ ਸਿਹਤ ਕੁਝ ਖਰਾਬ ਚੱਲ ਰਹੀ ਸੀ ਤੇ ਉਹ ਘਰ ਦੇ ਬਾਹਰ ਸੈਰ ਕਰ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਘਰ ਦੇ ਬਾਹਰ ਬੈਠਾ ਸੀ ਤਾਂ ਨਸ਼ੇ ’ਚ ਤਿੰਨ ਨੌਜਵਾਨ ਉੱਥੇ ਪੁੱਜੇ। ਉਨ੍ਹਾਂ ਨੇ ਬਜ਼ੁਰਗ ਦੇ ਨਾਲ ਧੱਕਾਮੁੱਕੀ ਕੀਤੀ ਤੇ ਉਸ ਨੂੰ ਫੜ ਕੇ ਨੇੜਲੇ ਖਾਲੀ ਪਲਾਟ ’ਚ ਲੈ ਗਏ। ਜਿੱਥੇ ਮੁਲਜ਼ਮਾਂ ਨੇ ਉਸ ਨਾਲ ਬਦਫੈਲੀ ਕੀਤੀ। ਬਦਫੈਲੀ ਕਰਨ ਤੋਂ ਬਾਅਦ ਉਨ੍ਹਾਂ ਉਸ ਨੂੰ ਧਮਕੀਆਂ ਦਿੱਤੀਆਂ। ਜਦੋਂ ਬਜ਼ੁਰਗ ਵਿਅਕਤੀ ਨੇ ਰੌਲਾ ਪਾਇਆ ਤਾਂ ਮੁਲਜ਼ਮਾਂ ਨੇ ਕੋਲ ਪਈ ਕੱਚ ਦੀ ਬੋਤਲ ਉਸ ਨੂੰ ਮਾਰੀ। ਬਜ਼ੁਰਗ ਦੇ ਰੌਲਾ ਪਾਉਣ ’ਤੇ ਆਸਪਾਸ ਦੇ ਲੋਕ ਇਕੱਠੇ ਹੋ ਗਏ ਤੇ ਉਨ੍ਹਾਂ ਵਿਅਕਤੀ ਨੂੰ ਇਲਾਜ ਲਈ ਨਿੱਜੀ ਹਸਪਤਾਲ ਭਰਤੀ ਕਰਵਾਇਆ। ਜਾਂਚ ਅਧਿਕਾਰੀ ਏਐਸਆਈ ਗੁਰਬਖਸ਼ੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ’ਚ ਮਾਮਲਾ ਆਇਆ ਹੈ ਤੇ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਬਦਫ਼ੈਲੀ ਦੀ ਕੋਸ਼ਿਸ਼ ਦੇ ਦੋਸ਼ ਤਹਿਤ ਕੇਸ ਦਰਜ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਲੇਮਟਾਬਰੀ ਦੀ ਪੁਲੀਸ ਨੇ ਨਾਮਲੂਮ ਵਿਅਕਤੀਆਂ ਖਿਲਾਫ਼ ਨਾਬਾਲਿਗ ਲੜਕੇ ਨਾਲ ਬਦਫੈਲੀ ਦੀ ਕੋਸ਼ਿਸ਼ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਹੈ। ਪਿੰਡ ਭੱਟੀਆਂ ਬੇਟ ਵਾਸੀ ਰਾਮ ਮਿਲਨ ਨੇ ਦੱਸਿਆ ਹੈ ਕਿ ਉਸ ਦਾ 16 ਸਾਲ ਦਾ ਲੜਕਾ ਮੰਦਬੁੱਧੀ ਹੈ। ਉਹ ਰਾਤ ਨੂੰ ਹਨੀ ਕਰਿਆਨਾ ਸਟੋਰ ਵਿੱਚ ਜਗਰਾਤੇ ’ਤੇ ਗਿਆ ਸੀ। ਸਵੇਰੇ ਉਸ ਨੇ ਘਰ ਆਕੇ ਦੱਸਿਆ ਕਿ ਰਾਤ ਨੂੰ ਕੁੱਝ ਨਾਮਲੂਮ ਵਿਅਕਤੀ ਉਸ ਨੂੰ ਲਾਲਚ ਦੇ ਕੇ ਟਰੀਟਮੈਂਟ ਪਲਾਂਟ ਕਾਸਾਬਾਦ ਨੇੜੇ ਖਾਲੀ ਪਲਾਟ ਵਿੱਚ ਲੈ ਗਏ ਜਿਥੇ ਉਨ੍ਹਾਂ ਊਸ ਨਾਲ ਬਦਫੈਲੀ ਕਰਨ ਦੀ ਕੋਸ਼ਿਸ਼ ਕੀਤੀ। ਵਿਰੋਧ ਕਰਨ ’ਤੇ ਉਹ ਉਸ ਦੀ ਕੁੱਟਮਾਰ ਕਰ ਕੇ ਫਰਾਰ ਹੋ ਗਏ। ਜਾਚ ਅਧਿਕਾਰੀ ਪ੍ਰਭਦੀਪ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਦੜਾ ਸੱਟਾ ਲਗਾਉਂਦਾ ਕਾਬੂ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਦਰ ਦੀ ਪੁਲੀਸ ਨੇ ਬਾਜ਼ੀਗਰ ਕਲੋਨੀ ਪਿੰਡ ਦਾਦ ਵਾਸੀ ਅਸ਼ਵਨੀ ਕੁਮਾਰ ਨੂੰ ਦੜਾ ਸੱਟਾ ਲਗਾਉਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਹਰਮੇਸ਼ ਲਾਲ ਨੇ ਦੱਸਿਆ ਹੈ ਕਿ ਪੁਲੀਸ ਪਾਰਟੀ ਨੇ ਫਲਾਵਰ ਚੌਕ ਵਿੱਚ ਅਸ਼ਵਨੀ ਕੁਮਾਰ ਨੂੰ ਉੱਚੀ ਉੱਚੀ ਆਵਾਜ਼ ਵਿੱਚ ਬੋਲ ਕੇ ਸ਼ਰ੍ਹੇਆਮ ਦੜੇ ਸੱਟੇ ਦੀਆਂ ਪਰਚੀਆਂ ਲਗਾਉਂਦੇ ਨੂੰ ਕਾਬੂ ਕੀਤਾ। ਉਸ ਕੋਲੋਂ 2200 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।