ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਅਕਤੂਬਰ
ਸਥਾਨਕ ਟਿੱਬਾ ਰੋਡ ਸਥਿਤ ਗਰੇਵਾਲ ਕਲੋਨੀ ਵਿੱਚ ਦੀਵਾਲੀ ਦੀ ਰਾਤ ਇਕ ਸਬ ਇੰਸਪੈਕਟਰ ਦੇ ਲੜਕੇ ਨੇ ਘਰ ਵਿੱਚ ਹੀ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਉਹ ਪਤਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੇ ਜਾ ਰਹੇ ਝਗੜੇ ਕਾਰਨ ਪ੍ਰੇਸ਼ਾਨ ਚੱਲ ਰਿਹਾ ਸੀ। ਮ੍ਰਿਤਕ ਦੀ ਸ਼ਨਾਖਤ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ ਅਤੇ ਉਸ ਦੇ ਪਿਤਾ ਪੰਜਾਬ ਹੋਮਗਾਰਡ ਵਿੱਚ ਸਬ ਇੰਸਪੈਕਟਰ ਵਜੋਂ ਤਾਇਨਾਤ ਹਨ।
ਘਟਨਾ ਬਾਰੇ ਪਰਿਵਾਰ ਨੂੰ ਉਸ ਸਮੇਂ ਪਤਾ ਲੱਗਿਆ ਜਦੋਂ ਗੁਰਪ੍ਰੀਤ ਦੀ ਮਾਤਾ ਉਸ ਦੇ ਕਮਰੇ ਵਿੱਚ ਗਈ ਤਾਂ ਉਸ ਦੀ ਲਾਸ਼ ਜ਼ਮੀਨ ’ਤੇ ਪਈ ਸੀ। ਪਰਿਵਾਰ ਵਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਅਤੇ ਥਾਣਾ ਟਿੱਬਾ ਦੀ ਪੁਲੀਸ ਨੂੰ ਮੌਕੇ ’ਤੇ ਪੁੱਜ ਕੇ ਸੁਸਾਈਡ ਨੋਟ ਅਤੇ ਲਾਸ਼ ਕਬਜ਼ੇ ਵਿੱਚ ਲਈ।
ਗੁਰਪ੍ਰੀਤ ਸਿੰਘ ਦੇ ਭਰਾ ਸਿਮਰਨ ਸਿੰਘ ਨੇ ਦੱਸਿਆ ਹੈ ਕਿ ਵਿਆਹ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਸਾਈਪ੍ਰਸ ਵਿੱਚ ਤਕਰੀਬਨ ਤਿੰਨ ਸਾਲ ਤੱਕ ਰਿਹਾ ਅਤੇ ਉਸ ਤੋਂ ਬਾਅਦ ਉਹ ਪਰਤ ਆਇਆ ਸੀ ਅਤੇ ਉਸ ਨੇ ਟਰਾਲਾ ਚਲਾਉਣਾ ਸ਼ੁਰੂ ਕਰ ਦਿੱਤਾ ਸੀ। ਸਿਮਰਨ ਸਿੰਘ ਨੇ ਦੋਸ਼ ਲਗਾਇਆ ਹੈ ਕਿ ਗੁਰਪ੍ਰੀਤ ਦਾ ਆਪਣੀ ਪਤਨੀ ਹਰਮਨ ਕੌਰ ਨਾਲ ਅਕਸਰ ਕਲੇਸ਼ ਰਹਿੰਦਾ ਸੀ। ਘਟਨਾ ਸਮੇਂ ਉਸ ਦੀ ਪਤਨੀ ਪੇਕੇ ਗਈ ਹੋਈ ਸੀ। ਸਿਮਰਨ ਨੇ ਦੋਸ਼ ਲਗਾਇਆ ਹੈ ਕਿ ਵਿਆਹ ਤੋਂ ਪੰਦਰਾਂ ਦਿਨ ਬਾਅਦ ਹੀ ਉਸ ਦਾ ਆਪਣੀ ਪਤਨੀ ਨਾਲ ਝਗੜਾ ਸ਼ੁਰੂ ਹੋ ਗਿਆ ਸੀ। ਹਰਮਨ ਨੂੰ ਕੈਨੇਡਾ ਭੇਜਣ ਲਈ ਉਨ੍ਹਾਂ ਨੇ 25 ਲੱਖ ਰੁਪਏ ਲਗਾਏ ਸਨ ਪਰ ਜਿਉਂ ਹੀ ਕੈਨੇਡਾ ਦਾ ਵੀਜ਼ਾ ਆਇਆ ਉਸ ਦਿਨ ਤੋਂ ਹਰਮਨ ਦਾ ਸਹੁਰੇ ਪਰਿਵਾਰ ਪ੍ਰਤੀ ਵਤੀਰਾ ਬਦਲ ਗਿਆ ਅਤੇ ਗੱਲ ਇੱਥੋਂ ਤਕ ਵਧ ਗਈ ਕਿ ਉਸ ਦੇ ਪਰਿਵਾਰਕ ਮੈਂਬਰ ਵੀ ਘਰ ਆ ਕੇ ਗੁਰਪ੍ਰੀਤ ਦੀ ਕੁੱਟਮਾਰ ਕਰਨ ਲੱਗ ਪਏ।
ਇਸ ਦੌਰਾਨ ਥਾਣਾ ਟਿੱਬਾ ਦੇ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਖੁਦਕੁਸ਼ੀ ਨੋਟ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।