ਸਤਵਿੰਦਰ ਬਸਰਾ
ਲੁਧਿਆਣਾ, 19 ਨਵੰਬਰ
ਸਥਾਨਕ ਖਾਲਸਾ ਕਾਲਜ ਫਾਰ ਵਿਮੈਨ ਵਿਖੇ ਚੱਲ ਰਹੇ ਪੰਜਾਬ ਯੂਨੀਵਰਸਿਟੀ ਦੇ ਜ਼ੋਨ-ਬੀ ਦੇ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਦੇ ਅੱਜ ਤੀਜੇ ਦਿਨ ਡਰਾਮਾ, ਮਾਈਮ, ਮਮਿੱਕਰੀ, ਹਿਸਟਰੋਨਿਕਸ ਦੇ ਮੁਕਾਬਲੇ ਕਰਵਾਏ ਗਏ। ਕਲਾਤਮਕ ਲੇਖਣੀ ਵਿੱਚ ਕਵਿਤਾ, ਕਹਾਣੀ ਅਤੇ ਲੇਖ ਲਿਖਣ ਵਿੱਚ ਧਰਤੀ ਅਤੇ ਵਾਤਾਵਰਣ ਨੂੰ ਬਚਾਉਣ ਸਬੰਧੀ ਮੁਕਾਬਲੇ ਕਰਵਾਏ ਗਏ। ਸਮਾਗਮ ਵਿੱਚ ਡਿਪਟੀ ਡਾਇਰੈਕਟਰ ਡੀਪੀਆਈ ਡਾ. ਅਸ਼ਵਨੀ ਭੱਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਕਾਲਜ ਪ੍ਰਿੰਸੀਪਲ ਡਾ. ਮੁਕਤੀ ਗਿੱਲ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨੇ ਖੇਤੀ ਕਾਨੂੰਨਾਂ ਦੇ ਰੱਦ ਹੋਣ ’ਤੇ ਸਾਰਿਆਂ ਨੂੰ ਵਧਾਈ ਵੀ ਦਿੱਤੀ। ਅੱਜ ਹੋਏ ਵੱਖ ਵੱਖ ਮੁਕਾਬਲਿਆਂ ਵਿੱਚ ਕੀਰਤੀ ਕਿਰਪਾਲ, ਡਾ. ਇੰਦਰਜੀਤ ਕੌਰ ਗੋਲਡੀ, ਡਾ. ਨਵਦੀਪ ਸਿੰਘ ਨਾਮੀ, ਡਾ. ਹਰਪ੍ਰੀਤ ਸਿੰਘ, ਤ੍ਰੈਲੋਚਨ ਲੋਚੀ, ਡਾ. ਨੀਲੂ ਸ਼ਰਮਾ ਅਤੇ ਮਨਜਿੰਦਰ ਸਿੰਘ ਨੇ ਜੱਜਾਂ ਦੀ ਭੂਮਿਕਾ ਨਿਭਾਈ।
ਇਸ ਸਾਲ ਦਾ ਜ਼ੋਨ-ਬੀ ਦਾ ਜ਼ੋਨਲ ਯੁਵਕ ਮੇਲਾ ਉਕਤ ਕਾਲਜ ਵਿੱਚ ਕਰਵਾਇਆ ਜਾ ਰਿਹਾ ਹੈ। ਯੁਵਕ ਮੇਲੇ ਦੇ ਅੱਜ ਤੀਜੇ ਦਿਨ ਹਿਸਟਰੋਨਿਕਸ ਮੁਕਾਬਲੇ ਵਿੱਚੋਂ ਰਾਮਗੜ੍ਹੀਆ ਗਰਲਜ਼ ਕਾਲਜ ਦੀ ਮਹਿਕਪ੍ਰੀਤ ਕੌਰ ਨੇ ਪਹਿਲਾ, ਖਾਲਸਾ ਕਾਲਜ ਫਾਰ ਵੁਮੈਨ ਦੀ ਹਰਮਨਪ੍ਰੀਤ ਕੌਰ ਨੇ ਦੂਜਾ ਅਤੇ ਸਰਕਾਰੀ ਕਾਲਜ ਲੜਕੀਆਂ ਦੀ ਚਾਰੂ ਮਲਹੋਤਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਨ ਐਕਟ ਪਲੇਅ ਵਿੱਚੋਂ ਖਾਲਸਾ ਕਾਲਜ ਫਾਰ ਵੁਮੈਨ ਜੇਤੂ ਰਿਹਾ ਜਦਕਿ ਰਾਮਗੜ੍ਹੀਆ ਕਾਲਜ ਅਤੇ ਮਾਸਟਰ ਤਾਰਾ ਸਿੰਘ ਕਾਲਜ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਆਏ। ਇਸੇ ਤਰ੍ਹਾਂ ਪੰਜਾਬੀ ਲਿਖਣ ਦੇ ਮੁਕਾਬਲੇ ਵਿੱਚ ਰਾਮਗੜ੍ਹੀਆ ਕਾਲਜ ਦੀ ਬਬੀਤਾ, ਹਿੰਦੀ ਲਿਖਣ ਦੇ ਮੁਕਾਬਲੇ ਵਿੱਚ ਵੀ ਰਾਮਗੜ੍ਹੀਆ ਕਾਲਜ ਦੀ ਪ੍ਰਭਪ੍ਰੀਤ ਕੌਰ, ਅੰਗਰੇਜ਼ੀ ਦੀ ਲਿਖਾਈ ਲਿਖਣ ਮੁਕਾਬਲੇ ਵਿੱਚ ਐਸਡੀਪੀ ਕਾਲਜ ਦਾ ਮਾਨਸੀ ਗੁਪਤਾ, ਮਿੰਨੀ ਕਹਾਣੀ ਵਿੱਚ ਰਾਮਗੜ੍ਹੀਆ ਕਾਲਜ ਦੀ ਗੁਰਪ੍ਰੀਤ ਕੌਰ, ਕਵਿਤਾ ਲਿਖਣ ਵਿੱਚ ਐਸਡੀਪੀ ਕਾਲਜ ਦੀ ਵੰਦਨਾ ਪਾਲ, ਲੇਖ ਲਿਖਣ ਵਿੱਚ ਸਰਕਾਰੀ ਕਾਲਜ ਲੜਕੀਆਂ ਦੀ ਅਦਿਤੀ ਅਰੋੜਾ ਨੇ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਇਸੇ ਤਰ੍ਹਾਂ ਦੂਜੇ ਦਿਨ ਦੇਰ ਸ਼ਾਮ ਐਲਾਨੇ ਨਤੀਜਿਆਂ ਵਿੱਚੋਂ ਫੁਲਕਾਰੀ ਵਿੱਚ ਮਾਸਟਰ ਤਾਰਾ ਸਿੰਘ ਕਾਲਜ ਦੀ ਮਨੀਸ਼ਾ ਭਾਰਤੀ, ਬਾਗ ਵਿੱਚੋਂ ਇਸੇ ਕਾਲਜ ਦੀ ਰਮਨਦੀਪ ਕੌਰ, ਮੁਹਾਵਰੇਦਾਰ ਵਾਰਤਾਲਾਪ ਵਿੱਚੋਂ ਰਾਮਗੜ੍ਹੀਆ ਗਰਲਜ਼ ਕਾਲਜ, ਦਸੂਤੀ/ਕਰੋਸ਼ੀਆ ਵਿੱਚੋਂ ਖਾਲਸਾ ਕਾਲਜ ਦੀ ਨੰਦਨੀ, ਪੱਖੀ ਡਿਜ਼ਾਇਨ ਵਿੱਚੋਂ ਖਾਲਸਾ ਕਾਲਜ ਦੀ ਸੁਖਜਿੰਦਰ ਕੌਰ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ।