ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 6 ਦਸੰਬਰ
ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜ਼ੋਨ-ਬੀ ਕਾਲਜਾਂ ਦੇ ਖੇਤਰੀ ਯੁਵਕ ਅਤੇ ਵਿਰਾਸਤੀ ਮੇਲੇ ਦੇ ਤੀਜੇ ਦਿਨ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪੇਸ਼ਕਾਰੀਆਂ ਕੀਤੀਆਂ ਗਈਆਂ। ਕਾਲਜ ਪ੍ਰਿੰਸੀਪਲ ਡਾ. ਪਰਗਟ ਸਿੰਘ ਗਰਚਾ ਨੇ ਕਿਹਾ ਕਿ ਇਸ ਮੇਲੇ ਦਾ ਵਿਸ਼ਾ ਪ੍ਰਕਿਰਤੀ ਨਾਲ ਪਿਆਰ ਅਤੇ ਸਤਿਕਾਰ ਹੈ। ਖੇਤਰੀ ਯੁਵਕ ਅਤੇ ਵਿਰਾਸਤੀ ਮੇਲੇ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ ਨੇ ਕਿਹਾ ਕਿ ਇਹ ਕਾਲਜ ਲਈ ਬੜੇ ਮਾਣ ਦੀ ਗੱਲ ਹੈ ਕਿ ਇਸ ਸਾਲ ਸੁਧਾਰ ਕਾਲਜ ਇਸ ਵਿਰਾਸਤੀ ਮੇਲੇ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਦੌਰਾਨ ਲੰਮੀ ਹੇਕ ਦੇ ਗੀਤ, ਲੋਕ ਨਾਚ ਲੁੱਡੀ, ਗਿੱਧਾ, ਰਚਨਾਤਮਿਕ ਲਿਖਤ, ਬਾਗ਼, ਫੁਲਕਾਰੀ, ਕਰੋਸ਼ੀਆ ਤੇ ਸੁਲੇਖ ਮੁਕਾਬਲੇ ਕਰਵਾਏ ਗਏ। ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਨੇ ਲੋਕ ਨਾਚ ਲੁੱਡੀ ਵਿੱਚ ਪਹਿਲਾ ਸਥਾਨ ਅੇ ਮਾਲਵਾ ਕਾਲਜ ਆਫ਼ ਐਜੂਕੇਸ਼ਨ ਨੂੰ ਦੂਜਾ ਸਥਾਨ ਮਿਲਿਆ। ਮਾਲਵਾ ਕਾਲਜ ਨੇ ਲੰਮੀ ਹੇਕ ਦੇ ਗੀਤਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।