ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 11 ਅਕਤੂਬਰ
ਇੱਥੋਂ ਨੇੜੇ ਜੇਜੋਂ ਲਿੰਕ ਸੜਕ ’ਤੇ ਸਥਿਤ ਪਿੰਡ ਰਾਮਪੁਰ ਬਿਲੜੋਂ ਦੇ ਕੋਲ ਲੰਘੀ ਰਾਤ ਇਕ ਕਾਰ ਸੜਕ ਕਿਨਾਰੇ ਪਏ ਇੱਟਾਂ ਦੇ ਚੱਕੇ ਨਾਲ ਟਕਰਾ ਗਈ। ਇਸ ਹਾਦਸੇ ਕਾਰਨ ਕਾਰ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅੰਮ੍ਰਿਤਪਾਲ (26) ਪੁੱਤਰ ਰਾਜ ਕੁਮਾਰ ਪਿੰਡ ਡੋਗਰਪੁਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਪਿੰਡ ਹਾਜੀਪੁਰ ਵਿੱਚ ਵਿਆਹ ਸਮਾਰੋਹ ਉਪਰੰਤ ਕਾਰ ਵਿੱਚ ਪਿੰਡ ਡੋਗਰਪੁਰ ਨੂੰ ਜਾ ਰਿਹਾ ਸੀ। ਉਹ ਜਦੋਂ ਪਿੰਡ ਰਾਮਪੁਰ ਬਿਲੜੋਂ ਦੇ ਬਾਹਰਵਾਰ ਇੱਟਾਂ ਦੇ ਭੱਠੇ ਕੋਲੋਂ ਲੰਘਣ ਲੱਗਾ ਤਾਂ ਉਸ ਦੀ ਕਾਰ ਸੰਤੁਲਨ ਗੁਆ ਦੇਣ ਕਾਰਨ ਸੜਕ ਕਿਨਾਰੇ ਲਾਏ ਇੱਟਾਂ ਦੇ ਚੱਕੇ ਨਾਲ ਟਕਰਾ ਗਈ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਗੱਡੀ ਦੀ ਛੱਤ ਤਕ ਉੱਡ ਗਈ। ਨੌਜਵਾਨ ਨੂੰ ਮੁਸ਼ਕਲ ਕਾਰ ’ਚੋਂ ਬਾਹਰ ਕੱਢਿਆ ਗਿਆ ਪਰ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਅੰਮ੍ਰਿਤਪਾਲ ਇਟਲੀ ਤੋਂ 8 ਦਿਨ ਪਹਿਲਾਂ ਹੀ ਛੁੱਟੀ ’ਤੇ ਆਇਆ ਸੀ ਅਤੇ ਹੁਣ ਉਸ ਨੇ ਕੈਨੇਡਾ ਨੂੰ ਜਾਣਾ ਸੀ। ਅੰਮ੍ਰਿਤਪਾਲ ਦਾ ਨੌਂ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ।
ਇਸ ਬਾਰੇ ਥਾਣਾ ਗੜ੍ਹਸ਼ੰਕਰ ਤੋਂ ਏਐੱਸਆਈ ਰਸ਼ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿੱਚ ਰੱਖਿਆ ਗਿਆ ਹੈ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦਾ ਪਿਤਾ ਰਾਜ ਕੁਮਾਰ ਡੀਟੀਐੱਫ ਆਗੂ ਰਿਹਾ ਹੈ। ਇਲਾਕੇ ਦੀਆਂ ਅਧਿਆਪਕ ਜਥੇਬੰਦੀਆਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।