ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 21 ਮਾਰਚ
ਸਰਕਾਰ ਬਦਲਣ ਤੋਂ ਬਾਅਦ ਵੀ ‘ਚਿੱਟੇ’ ਦਾ ਧੰਦਾ ਬਦਸਤੂਰ ਜਾਰੀ ਹੈ। ਮੋਗਾ ਜ਼ਿਲ੍ਹੇ ’ਚ ਦੋ ਦਿਨਾਂ ਦੌਰਾਨ ਦੋ ਨੌਜਵਾਨਾਂ ਦੀ ਹੋਈ ਮੌਤ ਇਸ ਦੀ ਮਿਸਾਲ ਹੈ। ਨਸ਼ਿਆਂ ਦੇ ਫੈਲਾਅ ਤੋਂ ਦੁਖੀ ਲੋਕਾਂ ਨੇ ਸੋਸ਼ਲ ਮੀਡੀਆ ਨੂੰ ‘ਚਿੱਟੇ’ ਖ਼ਿਲਾਫ਼ ‘ਹਥਿਆਰ’ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਬਦਲਣ ਤੋਂ ਬਾਅਦ ਜੇਕਰ ਇਕੱਲੀ ਫੇਸਬੁੱਕ ਨੂੰ ਹੀ ਗਹੁ ਨਾਲ ਦੇਖਿਆ ਜਾਵੇ ਤਾਂ ਇਸ ’ਤੇ ਦਰਜਨਾਂ ਪੋਸਟਾਂ ਨਸ਼ਿਆਂ ਸਬੰਧੀ ਪਈਆਂ ਹਨ। ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਤੋਂ ਵੱਡੀਆਂ ਉਮੀਦਾਂ ਲਾਈ ਬੈਠੇ ਲੋਕਾਂ ਨੂੰ ਨਸ਼ਿਆਂ ਦੇ ਖਾਤਮੇ ਦੀ ਉਮੀਦ ਵੀ ਜਾਗੀ ਹੈ। ਭਾਵੇਂ ਕਿ ਸਰਕਾਰ ਨੇ ਹਾਲੇ ਸਹੀ ਤਰੀਕੇ ਨਾਲ ਕੰਮ ਵੀ ਸ਼ੁਰੂ ਨਹੀਂ ਕੀਤਾ ਅਤੇ ਅੱਧੀ ਦਰਜਨ ਤੋਂ ਵਧੇਰੇ ਮੰਤਰੀਆਂ ਬਣਾਉਣੇ ਬਾਕੀ ਹਨ, ਪਰ ਨਸ਼ਿਆਂ ਤੋਂ ਅੱਕੇ ਲੋਕ ਇੰਨੇ ਕਾਹਲੇ ਹਨ ਕਿ ਉਨ੍ਹਾਂ ਫੇਸਬੁੱਕ ਤੇ ਟਵਿੱਟਰ ਸਮੇਤ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸਰਕਾਰ ਤੱਕ ਪਹੁੰਚ ਬਣਾਉਣ ਦੇ ਯਤਨ ਪੂਰੇ ਤੇਜ਼ ਕੀਤੇ ਹੋਏ ਹਨ। ਜਗਰਾਉਂ ਤੋਂ ਨਸ਼ਿਆਂ ਖ਼ਿਲਾਫ਼ ਕਮਲ ਨਾਂ ਦੇ ਨੌਜਵਾਨਾਂ ਦੀ ਪਾਈ ਪੋਸਟ ਕਾਫੀ ਚਰਚਿਤ ਹੈ। ਇਸ ’ਚ ਹਲਕਾ ਜਗਰਾਉਂ ਤੋਂ ਦੂਜੀ ਵਾਰ ਚੋਣ ਜਿੱਤੇ ਸਰਵਜੀਤ ਕੌਰ ਮਾਣੂੰਕੇ ਨੂੰ ਸੰਬੋਧਨ ਕਰਕੇ ਜਗਰਾਉਂ ਦੇ ਕੁਝ ਹਿੱਸਿਆਂ ਵਿੱਚ ‘ਚਿੱਟਾ’ ਸ਼ਰ੍ਹੇਆਮ ਵਿਕਣ ਦਾ ਜ਼ਿਕਰ ਕਰਕੇ ਇਸ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਗਈ। ਇਸ ਪੋਸਟ ਹੇਠਾਂ ਆਈਆਂ ਟਿੱਪਣੀਆਂ ਹੋਰ ਵੀ ਵਧੇਰੇ ਦਿਲਚਸਪ ਹਨ। ਕੁਮੈਂਟ ਕਰਨ ਵਾਲੇ ਜਗਰਾਉਂ ਦੇ ਵੱਖ-ਵੱਖ ਇਲਾਕਿਆਂ ਦਾ ਜ਼ਿਕਰ ਕਰਕੇ ਦੱਸ ਰਹੇ ਹਨ ਕਿ ਸਰਕਾਰ ਬਦਲਣ ਤੋਂ ਪਹਿਲਾਂ ਵੀ ਸ਼ੇਰਪੁਰਾ ਰੋਡ, ਦਾਣਾ ਮੰਡੀ, ਪੁਰਾਣੇ ਸ਼ਹਿਰ ਦੇ ਨਸ਼ੇ ਦੀ ਵਿਕਰੀ ਲਈ ਬਦਨਾਮ ਇਲਾਕਿਆਂ, ਰਾਏਕੋਟ ਰੋਡ ਆਦਿ ’ਤੇ ਸ਼ਰ੍ਹੇਆਮ ਨਸ਼ਾ ਵੇਚਿਆ ਜਾਂਦਾ ਸੀ ਅਤੇ ਸਰਕਾਰ ਬਦਲਣ ਤੋਂ ਬਾਅਦ ਵੀ ਇਨ੍ਹਾਂ ਥਾਵਾਂ ’ਤੇ ਨਸ਼ਿਆਂ ਦਾ ਕਾਰੋਬਾਰ ਬੰਦ ਨਹੀਂ ਹੋਇਆ ਹੈ। ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ ਨੇ ਵੀ ਫੇਸਬੁੱਕ ’ਤੇ ਪੋਸਟ ਪਾ ਕੇ ਹਠੂਰ ਇਲਾਕੇ ’ਚ ਵਿਕਦੇ ਨਸ਼ੇ ਤੇ ਟਿਕਾਣਿਆਂ ਦਾ ਜ਼ਿਕਰ ਕਰਦਿਆਂ ਇਸ ਮੁੱਦੇ ਖ਼ਿਲਾਫ਼ ਪੁਲੀਸ ਵੱਲੋਂ ਕਾਰਵਾਈ ਨਾ ਕੀਤੇ ਜਾਣ ’ਤੇ ਥਾਣਾ ਹਠੂਰ ਅੱਗੇ ਧਰਨਾ ਦੇਣ ਦੀ ਤਾੜਨਾ ਕੀਤੀ ਹੈ। ‘ਆਪ’ ਦੀ ਮਹਿਲਾ ਆਗੂ ਅਤੇ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦਾ ਕਹਿਣਾ ਸੀ ਸਰਕਾਰ ਬਦਲਣਸਾਰ ਹੀ ਨਸ਼ਿਆਂ ਨੂੰ ਠੱਲ੍ਹ ਪਈ ਹੈ। ਅੰਕੜੇ ਦੱਸਦੇ ਹਨ ਸਪਲਾਈ ਚੇਨ ਟੁੱਟੀ ਹੈ। ਉਨ੍ਹਾਂ ਜਲਦ ਹੀ ਜ਼ਿਲ੍ਹਾ ਪੁਲੀਸ ਮੁਖੀ ਨਾਲ ਮੀਟਿੰਗ ਕਰਕੇ ਇਹ ਮੁੱਦਾ ਉਭਾਰਨ ਦੀ ਗੱਲ ਆਖੀ ਤਾਂ ਜੋ ਨਸ਼ਿਆਂ ਦਾ ਖ਼ਾਤਮਾ ਹੋ ਸਕੇ।