ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਅਕਤੂਬਰ
ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਚੱਲ ਰਹੇ ਪੰਜਾਬ ਯੂਨੀਵਰਸਿਟੀ ਦੇ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਦੇ ਅੱਜ ਤੀਜੇ ਦਿਨ ਰੰਗਮੰਚ ਨਾਲ ਸਬੰਧਤ ਵੱਖ ਵੱਖ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ।
ਸਵੇਰ ਦੇ ਸੈਸ਼ਨ ਵਿੱਚ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਜਦਕਿ ਦੁਪਹਿਰ ਦੇ ਸੈਸ਼ਨ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੁੱਖ ਮਹਿਮਾਨਾਂ ਵਜੋਂ ਪਹੁੰਚੇ। ਇਨ੍ਹਾਂ ਮਹਿਮਾਨਾਂ ਦਾ ਕਾਲਜ ਦੀ ਕਾਰਜਕਾਰੀ ਪ੍ਰਿੰਸੀਪਲ ਡਾ. ਰਾਜੇਸ਼ਵਰਪਾਲ ਕੌਰ, ਕਾਲਜ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ, ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਇੰਦਰਪਾਲ ਸਿੰਘ ਪ੍ਰੋ. ਗੁਰਭਜਨ ਗਿੱਲ ਅਤੇ ਵਾਈਸ ਪ੍ਰਧਾਨ ਭੁਪਿੰਦਰ ਸਿੰਘ ਮਿਲਾਪ ਨੇ ਨਿੱਘਾ ਸਵਾਗਤ ਕੀਤਾ।
ਧਾਲੀਵਾਲ ਨੇ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਮੇਲੇ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਅਤੇ ਸਾਹਿਤ ਪ੍ਰਤੀ ਚੇਤੰਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅੱਜ ਵਿਦਿਆਰਥੀਆਂ ਨੇ ਰੰਗਮੰਚ ਦੀ ਵਿਧਾ ਰਾਹੀਂ ਜੀਵਨ ਦੀਆਂ ਕੌੜੀਆਂ, ਸੱਚੀਆਂ ਸਚਾਈਆਂ ਨੂੰ ਪੇਸ਼ ਕੀਤਾ ਹੈ। ਉਨ੍ਹਾਂ ਕਾਲਜ ਨੂੰ ਪੰਜ ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਅੱਜ ਰੰਗਮੰਚ ਨਾਲ ਸਬੰਧਤ ਵੱਖ ਵੱਖ ਮੁਕਾਬਲੇ ਕਰਵਾਏ, ਜਿਨ੍ਹਾਂ ’ਚ ਡਰਾਮਾ, ਸਕਿੱਟ, ਮਾਈਮ, ਮਿਮਕਰੀ, ਭੰਡ, ਮੋਨੋਐਕਟਿੰਗ ਆਦਿ ਸ਼ਾਮਲ ਸਨ। ਦੂਜੇ ਮੰਚ ’ਤੇ ਜਨਰਲ ਤੇ ਹੈਰੀਟੇਜ ਪ੍ਰਸ਼ਨੋਤਰੀ ਮੁਕਾਬਲੇ ਵੀ ਕਰਵਾਏ ਗਏ। ਅੱਜ ਹੋਏ ਮੁਕਾਬਲਿਆਂ ਦੇ ਮਿਲੇ ਨਤੀਜਿਆਂ ਵਿੱਚੋਂ ਮਾਈਮ ’ਚ ਐਸਡੀਪੀ ਕਾਲਜ ਫਾਰ ਵਿਮੈਨ, ਵਨ ਐਕਟ ਪਲੇਅ ਵਿੱਚੋਂ ਰਾਮਗੜ੍ਹੀਆ ਗਰਲਜ਼ ਕਾਲਜ, ਸਕਿੱਟ ’ਚ ਖਾਲਸਾ ਕਾਲਜ ਫਾਰ ਵਿਮੈਨ, ਮਿਮਕਰੀ ’ਚ ਐਸਡੀਪੀ ਕਾਲਜ ਫਾਰ ਵਿਮੈਨ, ਭੰਡ ’ਚ ਰਾਮਗੜ੍ਹੀਆ ਗਰਲਜ਼ ਕਾਲਜ, ਪ੍ਰਸ਼ਨੋਤਰੀ ’ਚ ਸਰਕਾਰੀ ਕਾਲਜ ਲੜਕੀਆਂ ਅਤੇ ਹੈਰੀਟੇਜ ਕੁਇਜ਼ ਵਿੱਚ ਖਾਲਸਾ ਕਾਲਜ ਫਾਰ ਵਿਮੈਨ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ।