ਚਰਨਜੀਤ ਸਿੰਘ ਢਿੱਲੋਂ
ਜਗਰਾਉਂ,13 ਅਕਤੂਬਰ
ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਅਤੇ ਬਿਜਲੀ ਐਕਟ 2020 ਵਰਗੇ ਕਾਲੇ ਕਨੂੰਨਾ ਖਿਲਾਫ 31 ਕਿਸਾਨ ਜਥੇਬੰਦੀਆਂ ਵੱਲੋਂ ਅਰੰਭਿਆ ਸੰਘਰਸ਼ 13 ਦਿਨ ਪੂਰੇ ਕਰ ਗਿਆ । ਰੇਲਵੇ ਸਟੇਸ਼ਨ ਤੇ ਲੱਗੇ ਪੱਕੇ ਧਰਨੇ ਵਿੱਚ ਕਿਸਾਨ ਮਜ਼ਦੂਰਾਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ । ਲੋਕ ਕਲਾ ਮੰਚ ਮੁਲਾਂਪੁਰ,ਕਲਾ ਮੰਚ ਬਰਨਾਲਾ ਦੇ ਕਲਾਕਾਰ ਕੋਰੀਓਗਰਾਫੀ, ਸਕਿੱਟਾਂ, ਨਾਟਕਾਂ ਰਾਂਹੀ ਸਰਕਾਰਾਂ ਦੀ ਗੁਪਤ ਚਾਲਾਂ ਅਤੇ ਨੀਤੀਆਂ ਬਾਰੇ ਚਾਨਣਾ ਪਾਉਣ ਦਾ ਸਫ਼ਲ ਉਪਰਾਲਾ ਕਰ ਰਹੇ ਹਨ । ਇਲਾਕੇ ਦੇ ਪਿੰਡਾਂ ਵਿੱਚੋਂ ਨੌਜਵਾਨ ਪਿਛਲੇ 13 ਦਿਨਾਂ ਤੋਂ ਰਿਲਾਇੰਸ ਪੈਟਰੋਲ ਪੰਪ ਅਲੀਗੜ੍ਹ ਅਤੇ ਚੌਂਕੀਮਾਨ ਟੋਲ ਪਲਾਜ਼ੇ ’ਤੇ ਸਵੱਖਤੇ ਮੋਰਚੇ ਸੰਭਾਲ ਕੇ ਕੇਂਦਰ ਸਰਕਾਰ ਖਿਲਾਫ ਰੋਸ ਜ਼ਾਹਿਰ ਕਰ ਰਹੇ ਹਨ ।ਰਿਲਾਇੰਸ ਪੈਟਰੌਲ ਪੰਪ ਤੇ ਧਰਨਾ ਲੱਗਿਆ ਹੋਣ ਕਾਰਨ ਤੇਲ ਪਵਾਉਣ ਵਾਲਿਆਂ ਨੇ ਦੂਸਰੀਆਂ ਕੰਪਨੀਆਂ ਦੇ ਪੰਪਾਂ ਵੱਲ ਰੁਖ਼ ਕਰ ਲਿਆ ਹੈ। ਚੌਂਕੀਮਾਨ ਦੇ ਟੌਲ ’ਤੇ ਵੀ ਲਗਾਤਾਰ ਧਰਨਾ ਜਾਰੀ ਹੈ। ਕਿਸਾਨਾਂ ਦੇ ਇੱਕ ਸਮੂਹ ਨੇ ਮਾਰਕੀਟ ਕਮੇਟੀ ਦਫ਼ਤਰ ਅੱਗੇ ਵੀ ਨਾਅਰੇਬਾਜ਼ੀ ਕੀਤੀ। ਖਾਲਸਾ ਏਡ ਅਤੇ ਹੋਰ ਧਾਰਮਿਕ ਸੰਸਥਾਵਾਂ ਵੱਲੋਂ ਧਰਨਕਾਰੀਆਂ ਲਈ ਕੀਤੀ ਗਈ ਲੰਗਰ ਦੀ ਵਿਵਸਥਾ ਸ਼ਲਾਘਾਯੋਗ ਹੈ।
ਬੀਕੇਯੂ ਵੱਲੋਂ ਟੌਲ ਪਲਾਜ਼ਾ ’ਤੇ ਧਰਨਾ ਜਾਰੀ
ਪਾਇਲ (ਦੇਵਿੰਦਰ ਸਿੰਘ ਜੱਗੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ 5ਵੇਂ ਦਿਨ ਟੌਲ ਪਲਾਜ਼ਾ ਲਹਿਰਾ ਵਿਖੇ ਧਰਨਾ ਜਾਰੀ ਰਿਹਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਣਾਏ ਖੇਤੀ ਨੂੰ ਤਬਾਹ ਕਰਨ ਵਾਲੇ ਕਾਲੇ ਕਾਨੂੰਨ ਨੂੰ ਵਾਪਸ ਕਰਵਾਕੇ ਦਮ ਲੈਣਗੇ। ਇਸ ਮੌਕੇ ਲੋਕ ਰੰਗ ਮੰਚ ਖੱਟੜਾ ਵੱਲੋਂ ਕੋਰੀਓਗਰਾਫੀ ਅੱਛੇ ਦਿਨਾਂ ਨੇ ਪੰਜਾਬ ਦੀ ਕਿਸਾਨੀ ਡੋਬਤੀ ਨਾਟਕ ਟੋਆ ਨਾਟਕ ਵੀ ਖੇਡਿਆ ਗਿਆ। ਅੱਜ ਦੇ ਧਰਨੇ ਨੂੰ ਜਿਲ੍ਹਾ ਪ੍ਰਧਾਨ ਸਾਧੂ ਸਿੰਘ ਪੰਜੇਟਾ, ਸੁਦਾਗਰ ਸਿੰਘ ਘੁਡਾਣੀ, ਗੁਰਪ੍ਰੀਤ ਸਿੰਘ ਗੋਪਾਲਪੁਰ, ਪ੍ਰਧਾਨ ਜਗਜੀਵਨ ਸਿੰਘ ਡੇਹਲੋ, ਜੱਸੀ ਨੰਗਲਾਂ ਨੇ ਸੰਬੋਧਨ ਕੀਤਾ।