ਪੱਤਰ ਪ੍ਰੇਰਕ
ਰਾਏਕੋਟ, 2 ਜਨਵਰੀ
ਰਾਏਕੋਟ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੀ 3 ਜਨਵਰੀ 1705 ਦੀ ਆਮਦ ਦੀ ਯਾਦ ਵਿੱਚ ਭਲਕ ਤੋਂ ਤਿੰਨ ਦਿਨਾਂ ਜੋੜ ਮੇਲਾ ਸ਼ੁਰੂ ਹੋ ਰਿਹਾ ਹੈ। ਰਾਏਕੋਟ ਦੀ ਧਰਤੀ ’ਤੇ ਗੁਰੂ ਸਾਹਿਬ ਨੇ ਰਾਏ ਕੱਲ੍ਹਾ ਦਾ ਪਾਲੀ ਨੂਰਾ ਮਾਹੀ ਨੂੰ ਸਰਹਿੰਦ ਭੇਜ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਮੰਗਵਾਈ ਸੀ ਤੇ ਰਾਏ ਕੱਲ੍ਹਾ ਨੂੰ ਦੁਨੀਆਂ ਦੀ ਚਮਤਕਾਰੀ ਵਸਤੂ ਗੰਗਾ ਸਾਗਰ ਭੇਂਟ ਕੀਤਾ ਸੀ। 3,4 ਤੇ 5 ਜਨਵਰੀ ਨੂੰ ਹੋ ਰਹੇ ਜੋੜ੍ਰ ਮੇਲੇ ਦੌਰਾਨ ਪਹਿਲੇ ਦਿਨ 3 ਫਰਵਰੀ ਨੂੰ ਨਗਰ ਕੀਰਤਨ ਸਜੇਗਾ। ਗੁਰੂ ਸਾਹਿਬ 3 ਜਨਵਰੀ 1705 ਨੂੰ ਪਿੰਡ ਹੇਰਾਂ ਤੋਂ ਤਿੰਨ ਸਿੰਘਾਂ ਭਾਈ ਧਰਮ ਸਿੰਘ, ਭਾਈ ਦਇਆ ਸਿੰਘ ਅਤੇ ਭਾਈ ਮਾਨ ਸਿੰਘ ਨਾਲ ਰਾਏਕੋਟ ਪੁੱਜੇ ਸਨ।
ਉਸ ਸਮੇਂ ਰਾਏਕੋਟ ਦੇ ਹਾਕਮ ਰਾਏ ਕਲ੍ਹੇ ਨੇ ਗੁਰੂ ਸਾਹਿਬ ਦਾ ਪੂਰਾ ਅਦਬ-ਸਤਿਕਾਰ ਕੀਤਾ ਅਤੇ ਨੂਰੇ ਮਾਹੀ ਨੂੰ ਸਰਹਿੰਦ ਭੇਜ ਕੇ ਸਾਹਿਬਜਾਦਿਆਂ ਦੀ ਖਬਰ ਮੰਗਵਾਈ। ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਰਾਏ ਕਲ੍ਹੇ ਨੂੰ ਭੇਂਟ ਕੀਤਾ ਗੰਗਾ ਸਾਗਰ ਅੱਜ ਵੀ ਰਾਏ ਕੱਲ੍ਹੇ ਦੇ ਵਾਰਸ ਰਾਏ ਅਜ਼ੀਜ਼ ਉੱਲਾ ਸਾਹਿਬ ਪਾਸ ਸੁਰੱਖਿਅਤ ਹੈ। ਇਸ ਗੰਗਾ ਸਾਗਰ ਵਿੱਚ 288 ਛੇਕ (ਮੋਰੀਆਂ) ਹਨ ਤੇ ਇਸ ਵਿੱਚ ਪਾਇਆ ਦੁੱਧ ਜਾ ਪਾਣੀ ਬਾਹਰ ਨਹੀਂ ਡੁੱਲਦਾ ਪਰ ਰੇਤਾ ਪਾਇਆਂ ਬਾਹਰ ਕਿਰ ਜਾਂਦਾ ਹੈ।