ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 31 ਅਕਤੂਬਰ
ਇੱਥੇ ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਦੋ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਾਹਨੇਵਾਲ ਦੇ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਈਸਟਮੈਨ ਚੌਕ ਕੋਲ ਮੌਜੂਦ ਸੀ। ਮੁਖ਼ਬਰ ਦੀ ਇਤਲਾਹ ’ਤੇ ਕੁਲਜੀਤ ਸਿੰਘ ਨੂੰ ਕਾਬੂ ਕੀਤਾ। ਉਹ ਲੋਕਾਂ ਤੋਂ ਖੋਹੇ ਹੋਏ ਮੋਬਾਈਲ ਫੋਨ ਵੇਚਣ ਲਈ 33 ਫੁੱਟਾ ਰੋਡ ਵੱਲ ਆ ਰਿਹਾ ਸੀ। ਪੁਲੀਸ ਨੇ ਉਸ ਦਾ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ। ਇਸੇ ਤਰ੍ਹਾਂ ਥਾਣੇਦਾਰ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਮੇਨ ਹਾਈਵੇਅ ਨੇੜੇ ਪਿੰਡ ਸਾਹਨੀ ਕੋਲ ਮੌਜੂਦ ਸੀ। ਇਸ ਦੌਰਾਨ ਮੁਖ਼ਬਰ ਦੀ ਇਤਲਾਹ ’ਤੇ ਬਿਕਰਮਜੀਤ ਸਿੰਘ ਨੂੰ ਕਾਬੂ ਕੀਤਾ ਗਿਆ। ਉਹ ਖੋਹੇ ਹੋਏ ਮੋਬਾਈਲ ਫੋਨ ਵੇਚਣ ਲਈ ਸਾਹਨੇਵਾਲ ਚੌਕ ਵੱਲ ਆ ਰਿਹਾ ਸੀ। ਉਸ ਕੋਲੋਂ ਮੋਬਾਈਲ ਫੋਨ ਤੇ ਮੋਟਰਸਾਈਕਲ ਜ਼ਬਤ ਕਰ ਲਿਆ ਹੈ।