ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 23 ਸਤੰਬਰ
ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਚਲਾਏ ਜਾ ਰਹੇ ਨਿਸ਼ਾਨ-ਏ-ਸਿੱਖੀ ਵਿਗਿਆਨ ਅਤੇ ਸਿਖਲਾਈ ਸੰਸਥਾ, ਖਡੂਰ ਸਾਹਿਬ ਦੇ 14 ਵਿਦਿਆਰਥੀਆਂ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐੱਨ.ਡੀ.ਏ.) ਦੀ ਲਿਖਤੀ ਪ੍ਰੀਖਿਆ ਪਾਸ ਕੀਤੀ ਜੋ ਯੂ.ਪੀ.ਐੱਸ.ਸੀ. ਵੱਲੋਂ ਲਈ ਜਾਂਦੀ ਹੈ। ਇਸ ਤੋਂ ਇਲਾਵਾ ਇਕ ਵਿਦਿਆਰਥਣ ਨੇ ਸਿਵਲ ਸੇਵਾਵਾਂ ਦੀ ਤਿਆਰੀ ਤਹਿਤ ਸੀ.ਡੀ.ਐੱਸ ਦੀ ਪ੍ਰੀਖਿਆ ਪਾਸ ਕੀਤੀ ਹੈ। ਇਹ ਸਾਰੇ ਵਿਦਿਆਰਥੀ ਹੁਣ ਐੱਸ.ਐੱਸ.ਬੀ. ਦੀ ਇੰਟਰਵਿਊ ਲਈ ਜਾਣਗੇ ਜੋ ਚੋਣ ਲਈ ਅਗਲਾ ਕਦਮ ਹੈ। ਇਨ੍ਹਾਂ ਸਖ਼ਤ ਪ੍ਰੀਖਿਆਵਾਂ ਨੂੰ ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਦੀ ਸਫ਼ਲਤਾ ’ਤੇ ਖੁਸ਼ੀ ਪ੍ਰਗਟ ਕਰਦਿਆਂ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆ ਨੇ ਵਧਾਈ ਦਿੱਤੀ ਹੈ। ਜਿਕਰਯੋਗ ਹੈ ਕਿ ਹੁਣ ਤੱਕ ਸੰਸਥਾ ਦੇ 24 ਵਿਦਿਆਰਥੀ ਵੱਖ-ਵੱਖ ਸੈਨਾਵਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਮੇਜਰ ਜਨਰਲ ਬਲਵਿੰਦਰ ਸਿੰਘ (ਸੇਵਾਮੁਕਤ) ਡਾਇਰੈਕਟਰ, ਐੱਨ.ਡੀ.ਏ ਵਿੰਗ ਨੇ ਦੱਸਿਆ ਕਿ ਅਜਿਹੇ ਚੰਗੇ ਨਤੀਜੇ ਪ੍ਰਾਪਤ ਕਰਨ ਲਈ ਸੰਸਥਾ ਵੱਲੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਇਸ ਮੌਕੇ ਦਿਨੇਸ਼, ਗਰੁੱਪ ਕੈਪਟਨ ਬਲਜੀਤ ਸਿੰਘ (ਸੇਵਾਮੁਕਤ), ਸਕੱਤਰ ਅਵਤਾਰ ਸਿੰਘ ਬਾਜਵਾ, ਸਕੱਤਰ ਵਰਿਆਮ ਸਿੰਘ, ਸੂਬੇਦਾਰ ਕੁਲਵੰਤ ਸਿੰਘ ਆਦਿ ਹਾਜ਼ਰ ਸਨ।