ਗੁਰਬਖ਼ਸ਼ਪੁਰੀ/ਤੇਜਿੰਦਰ ਸਿੰਘ ਖਾਲਸਾ
ਤਰਨ ਤਾਰਨ/ਚੋਹਲਾ ਸਾਹਿਬ, 9 ਜੁਲਾਈ
ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਸਥਾਨਕ ਕਸਬੇ ਦੇ ਬਾਜ਼ਾਰਾਂ ਵਿੱਚ ਪੈਦਲ ਮਾਰਚ ਕਰਕੇ ਅਕਾਲੀ ਕਾਂਗਰਸੀ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਰਮਨਜੀਤ ਸਿੰਘ ਸਿੱਕੀ, ਰਣਜੀਤ ਸਿੰਘ ਬ੍ਰਹਮਪੁਰਾ ,ਅਤੇ ਰਵਿੰਦਰ ਸਿੰਘ ਬ੍ਰਹਮਪੁਰਾ ਦਾ ਪੁਤਲਾ ਸਾੜਿਆ।ਜ਼ਿਕਰਯੋਗ ਹੈ ਕਿ ਬੀਤੀ ਦਿਨੀਂ ਫੜੀ ਗਈ ਤਿੰਨ ਕੁਇੰਟਲ ਨਸ਼ੇ ਦੀ ਖੇਪ ਵਿੱਚ ਨਸ਼ੇ ਦੇ ਸੌਦਾਗਰਾਂ ਨਾਲ ਕਾਂਗਰਸ ਪਾਰਟੀ ਦੇ ਕਈ ਲੀਡਰਾਂ ਦੇ ਸਬੰਧ ਹੋਣ ਦਾ ਦਾਅਵਾ ‘ਆਪ’ ਆਗੂ ਮਨਜਿੰਦਰ ਸਿੰਘ ਲਾਲਪੁਰਾ ਨੇ ਕੀਤਾ ਸੀ। ਉਨ੍ਹਾਂ ਸਮੁੱਚੇ ਸਿਆਸੀ ਲੀਡਰਾਂ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਸੀ।ਲਾਲਪੁਰਾ ਨੇ ਕਿਹਾ ਕਿ ਪਹਿਲਾਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵਲੋਂ ਰਣਜੀਤ ਸਿੰਘ ਬ੍ਰਹਮਪੁਰਾ ਦੀ ਸਿਆਸੀ ਸ਼ਹਿ ਕਾਰਨ ਹਲਕੇ ਵਿਚ ਨਸ਼ਾ ਵੇਚਿਆ ਜਾਂਦਾ ਰਿਹਾ ਅਤੇ ਹੁਣ ਮੌਜੂਦਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਰਾਜ ਵਿੱਚ ਤਾਂ ਹੱਦ ਹੋ ਗਈ। ਇਸ ਮੌਕੇ ਲਾਲਪੁਰਾ ਨਾਲ ਆਮ ਆਦਮੀ ਪਾਰਟੀ ਦੇ ਦਰਜਨਾਂ ਵਰਕਰ ਹਾਜ਼ਰ ਸਨ।
ਕਦੇ ਵੀ ਕਿਸੇ ਚੋਣ ’ਚ ਨਸ਼ੇ ਦਾ ਸਹਾਰਾ ਨਹੀਂ ਲਿਆ: ਸਿੱਕੀ
ਰਮਨਜੀਤ ਸਿੰਘ ਸਿੱਕੀ ਦਾ ਕਹਿਣਾ ਹੈ ਕਿ ਉਹ ਗੁਰੂ ਘਰ ਵਿੱਚ ਵਿਸ਼ਵਾਸ ਰੱਖਣ ਵਾਲਾ ਹੈ। ਉਸ ਨੇ ਕਦੇ ਵੀ ਕਿਸੇ ਚੋਣ ਵਿੱਚ ਨਸ਼ੇ ਦਾ ਸਹਾਰਾ ਨਹੀਂ ਲਿਆ। ਖਡੂਰ ਸਾਹਿਬ ਦੇ ਲੋਕ ਉਸ ਦਾ ਪਰਿਵਾਰ ਹਨ। ਉਸ ਨੇ ਕਿਹਾ ਕਿ ਉਸ ’ਤੇ ਦੋਸ਼ ਲਾਉਣ ਵਾਲੇ ‘ਆਪ’ ਨੇਤਾ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਪਿੰਡ ਉਸਮਾ ਦੀ ਦਲਿਤ ਲੜਕੀ ’ਤੇ ਅੱਤਿਆਚਾਰ ਦੇ ਮਾਮਲੇ ਵਿਚ ਅਦਾਲਤੀ ਕਾਰਵਾਈ ਦਾ ਕਿਉਂ ਸਾਹਮਣਾ ਕਰ ਰਿਹਾ ਹੈ।
ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ: ਬ੍ਰਹਮਪੁਰਾ
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨੇਤਾ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਉਨੀ ਸੌ ਸਤੱਤਰ ਤੋਂ ਰਾਜਨੀਤੀ ਵਿੱਚ ਹੈ। ਬ੍ਰਹਮਪੁਰਾ ਪਰਿਵਾਰ ਨੇ ਹਮੇਸ਼ਾ ਸਾਫ ਸੁਥਰੀ ਰਾਜਨੀਤੀ ਨੂੰ ਤਰਜੀਹ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਨੇਤਾ ਲਾਲਪੁਰਾ ਵੱਲੋਂ ਘਟੀਆ ਰਾਜਨੀਤੀ ਕਰ ਕੇ ਬ੍ਰਹਮਪੁਰਾ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਲੋਕ ਪੂਰੀ ਤਰ੍ਹਾਂ ਸਚਾਈ ਤੋਂ ਜਾਣੂ ਹਨ।