ਪੱਤਰ ਪ੍ਰੇਰਕ
ਮਜੀਠਾ, 22 ਸਤੰਬਰ
‘‘ਆਮ ਆਦਮੀ ਪਾਰਟੀ ਸੂਬੇ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰ ਕੇ ਪੰਜਾਬ ਦੀ ਸੱਤਾ ’ਚ ਆਈ ਸੀ, ਪਰ ਸਰਕਾਰ ਬਣਨ ’ਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਿਆ ਕਰਨ ’ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਜਿਸ ਨਾਲ ਸੂਬੇ ਦੇ ਲੋਕਾਂ ਦਾ ‘ਆਪ’ ਸਰਕਾਰ ਤੋਂ ਮੋਹ ਪੂਰੀ ਤਰ੍ਹਾਂ ਭੰਗ ਹੋ ਚੁੱਕਿਆ ਹੈ।’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਪਿੰਡ ਕਲੇਰ ਮਾਂਗਟ ’ਚ ਸਾਬਕਾ ਪੰਚ ਜਗਤਾਰ ਸਿੰਘ ਕਲੇਰ ਦੇ ਗ੍ਰਹਿ ਵਿਖੇ ਅਕਾਲੀ ਵਰਕਰਾਂ ਨਾਲ ਕੀਤੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਰਾਜ ’ਚ ਪਹਿਲੀ ਵਾਰ ਹੋਇਆ ਹੈ ਕਿ ਲੋਕਾਂ ਨੂੰ ਰੇਤ-ਬਜਰੀ ਵੀ ਮਹਿੰਗੇ ਮੁੱਲ ’ਤੇ ਬਲੈਕ ਵਿੱਚ ਲੈਣੀ ਪੈ ਰਹੀ ਹੈ, ਜਿਸ ਕਾਰਨ ਦੁਕਾਨਦਾਰ, ਮਜ਼ਦੂਰ ਤੇ ਸਮੁੱਚਾ ਕਿਰਤੀ ਵਰਗ ਬੇਰੁਜ਼ਗਾਰ ਹੋ ਗਿਆ ਹੈ। ਇਸ ਮੌਕੇ ਲਖਬੀਰ ਸਿੰਘ ਗਿੱਲ, ਸਰਪੰਚ ਮਹਿੰਦਰ ਸਿੰਘ, ਪੰਚ ਕੁਲਵੰਤ ਸਿੰਘ ਠੇਕੇਦਾਰ, ਪੰਚ ਮੁਖਤਾਰ ਸਿੰਘ ਹਾਜ਼ਰ ਸਨ।