ਦਲਬੀਰ ਸੱਖੋਵਾਲੀਆ
ਬਟਾਲਾ, 6 ਜੂਨ
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਪਿੰਡਾਂ ਦੀਆਂ ਲਿੰਕ ਸੜਕਾਂ ਨੂੰ ਚੌੜੀਆਂ ਅਤੇ ਮਜ਼ਬੂਤ ਕਰਨ ਦੇ 15.55 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟਸ ਦਾ ਨੀਂਹ ਪੱਥਰ ਰੱਖਿਆ। ਊਨ੍ਹਾਂ ਆਖਿਆ ਕਿ ਮਿਸ਼ਨ ਫ਼ਤਹਿ ਨਾਲ ਸੂਬੇ ਵਿਚ ਵਿਕਾਸ ਦੀ ਗਤੀ ਹੋਰ ਤੇਜ਼ ਕੀਤੀ ਜਾਵੇਗੀ
ਸ੍ਰੀ ਬਾਜਵਾ ਨੇ ਦੱਸਿਆ ਕਿ ਮੰਡੀ ਬੋਰਡ ਰਾਹੀਂ ਬਟਾਲਾ ਨੇੜਲੇ ਪਿੰਡ ਪੁਰੀਆਂ, ਨਠਵਾਲ, ਬਾਸਰਪੁਰਾ, ਜੈਤੋਸਰਜਾ ਨੂੰ 10 ਫੁੱਟ ਤੋਂ 16 ਫੁੱਟ ਚੌੜਾ ਕੀਤਾ ਜਾਵੇਗਾ ਅਤੇ 5.31 ਕਿਲੋਮੀਟਰ ਇਸ ਸੜਕ ਨੂੰ ਬਣਾਉਣ ਵਿਚ 168.53 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ ਬਟਾਲਾ-ਫ਼ਤਿਹਗੜ੍ਹ ਚੂੜੀਆਂ ਰੋਡ ਤੋਂ ਘਸੀਟਪੁਰ ਵਾਇਆ ਢਡਿਆਲਾ ਨੱਤ, ਸ਼ੰਕਰਪੁਰ ਤਕ 5.07 ਕਿਲੋਮੀਟਰ ਲੰਮੀ ਸੜਕ ਨੂੰ ਵੀ 10 ਤੋਂ 16 ਫੁੱਟ ਚੌੜਾ ਕੀਤਾ ਜਾ ਰਿਹਾ ਹੈ। ਇਸ ਸੜਕ ਉੱਪਰ 196.45 ਲੱਖ ਰੁਪਏ ਲਾਗਤ ਆਵੇਗੀ। ਹਲਕੇ ਦੀ ਤੀਜੀ ਸੜਕ ਜੈਂਤੀਪੁਰ ਤੋਂ ਬੱਲ ਪੁਰੀਆਂ ਵਾਇਆ ਬੱਜੂਮਾਨ, ਛਿੱਤ ਨੂੰ 16 ਫੁੱਟ ਚੌੜਾ ਕੀਤਾ ਜਾ ਰਿਹਾ ਹੈ ਅਤੇ ਇਸ ਸੜਕ ਉੱਪਰ 252.79 ਲੱਖ ਰੁਪਏ ਲਾਗਤ ਆਵੇਗੀ।
ਇਸੇ ਤਰ੍ਹਾਂ ਲਿੰਕ ਸੜਕ ਬਟਾਲਾ-ਫਤਿਹਗੜ੍ਹ ਚੂੜੀਆਂ ਰੋਡ ਤੋਂ ਬਟਾਲਾ ਡੇਰਾ ਬਾਬਾ ਨਾਨਕ ਰੋਡ ਵਾਇਆ ਤਲਵੰਡੀ ਲਾਲ ਸਿੰਘ, ਰਿਖੀਆ ਸੜਕ ਨੂੰ 10 ਤੋਂ 18 ਫੁੱਟ ਚੌੜਿਆਂ ਕੀਤਾ ਜਾ ਰਿਹਾ ਹੈ। ਹੋਰਨਾਂ ਸੜਕਾਂ ਦੇ ਨੀਂਹ ਪੱਥਰ 7 ਜੂਨ ਨੂੰ ਰੱਖੇ ਜਾਣਗੇ। ਇਨ੍ਹਾਂ ਸੜਕਾਂ ਦੇੇ ਪ੍ਰਾਜੈਕਟ ’ਤੇ 15.55 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ 9 ਮਹੀਨੇ ਅੰਦਰ ਇਹ ਪ੍ਰਾਜੈਕਟ ਮੁਕੰਮਲ ਕੀਤੇ ਜਾਣਗੇ। ਇਸ ਮੌਕੇ ਐਕਸੀਅਨ ਮੰਡੀ ਬੋਰਡ ਅਨੂਪ ਸਿੰਘ, ਐੱਸ.ਡੀ.ਓ. ਗੁਰਵਿੰਦਰ ਸਿੰਘ, ਜਸਬੀਰ ਸਿੰਘ ਹਾਜ਼ਰ ਸਨ।
ਅੰਮਿ੍ਰਤਸਰ ’ਚ ਸਾਈਕਲ ਟਰੈਕ ਦਾ ਨਿਰਮਾਣ ਸ਼ੁਰੂ
ਅੰਮ੍ਰਿਤਸਰ (ਪੱਤਰ ਪ੍ਰੇਰਕ): ਸਮਾਰਟ ਸਿਟੀ ਮਿਸ਼ਨ ਤਹਿਤ ਸ਼ਹਿਰ ਵਿਚ ਬਣਨ ਵਾਲੇ ਪਹਿਲੇ ਸਾਈਕਲ ਟਰੈਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਅੱਜ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤੀ। ਇਸ ਮੌਕੇ ਵਿਧਾਇਕ ਸੁਨੀਲ ਦੱਤੀ, ਮੇਅਰ ਕਰਮਜੀਤ ਸਿੰਘ ਰਿੰਟੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਿਨੇਸ਼ ਬਸੀ ਅਤੇ ਅੰਮ੍ਰਿਤਸਰ ਸਮਾਰਟ ਸਿਟੀ ਦੀ ਸੀਈਓ ਕੋਮਲ ਮਿੱਤਲ ਹਾਜ਼ਰ ਸਨ। ਇਕ ਕਰੋੜ 93 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ 2.53 ਕਿਲੋਮੀਟਰ ਦੇ ਇਸ ਸਾਈਕਲ ਟਰੈਕ ਨੂੰ ਛੇ ਮਹੀਨਿਆਂ ਵਿਚ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ।