ਤਰਨ ਤਾਰਨ: ਚੋਣਾਂ ਦਰਮਿਆਨ ‘ਪਰਦੀਪ ਕਤਲ ਕਾਂਡ ਐਕਸ਼ਨ ਕਮੇਟੀ ਗੰਡੀਵਿੰਡ’ ਵੱਲੋਂ ਆਪਣੇ ਮੁੱਖ ਮੁੱਦੇ ਤੋਂ ਇਲਾਵਾ ਸਮਾਜ ਦੇ ਹੋਰਾਂ ਵਰਗਾਂ ਦੇ ਭੱਖਦੇ ਮੁੱਦਿਆਂ ਨੂੰ ਵੀ ਉਠਾਉਣ ਦਾ ਬੀੜਾ ਚੁੱਕਿਆ ਹੈ| ਐਕਸ਼ਨ ਕਮੇਟੀ ਕਰੀਬ 20 ਸਾਲ ਪਹਿਲਾਂ ਗੋਇੰਦਵਾਲ ਸਾਹਿਬ ਪੁਲੀਸ ਦੀ ਹਿਰਾਸਤ ਵਿੱਚ ਮਾਰੇ ਗਏ ਪਰਦੀਪ ਸਿੰਘ ਦੇ ਪਰਿਵਾਰ ਲਈ ਮੁਆਵਜ਼ਾ ਲੈਣ ਅਤੇ ਕਤਲ ਲਈ ਮੁੱਖ ਦੋਸ਼ੀ ਏਐੱਸਆਈ ਹਰਭਜਨ ਸਿੰਘ ਨੂੰ ਅਦਾਲਤ ਵਲੋਂ ਭਗੌੜਾ ਅਪਰਾਧੀ (ਪੀਓ) ਕਰਾਰ ਦੇਣ ਦੇ ਬਾਵਜੂਦ ਵਿਭਾਗੀ ਤਰੱਕੀ ਦੇਣ ਅਤੇ ਰਿਟਾਇਰ ਹੋਣ ’ਤੇ ਸੇਵਾਮੁਕਤੀ ਦੇ ਲਾਭ ਤੱਕ ਦੇਣ ਵਾਲੇ ਅਧਿਕਾਰੀਆਂ-ਕਰਮਚਾਰੀਆਂ ਖਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕਰਦੀ ਆ ਰਹੀ ਹੈ| ਐਕਸ਼ਨ ਕਮੇਟੀ ਵੱਲੋਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਅੱਜ ਤੀਸਰੇ ਦਿਨ ਵਿੱਚ ਦਾਖਲ ਹੋ ਗਈ ਹੈ| ਸੁਖਦੇਵ ਸਿੰਘ ਪੱਟੀ ਨੇ ਅੱਜ ਦੇ ਪੰਜ ਮੈਂਬਰੀ ਭੁੱਖ ਹੜਤਾਲੀ ਜਥੇ ਦੀ ਅਗਵਾਈ ਕੀਤੀ ਅਤੇ ਪ੍ਰਸ਼ਾਸਨ ਵਲੋਂ ਪ੍ਰਦੀਪ ਸਿੰਘ ਦੇ ਪਰਿਵਾਰ ਨੂੰ ਅੱਜ ਤੱਕ ਮੁਆਵਜ਼ਾ ਨਾ ਦੇਣ ਦੀ ਨਿਖੇਧੀ ਕੀਤੀ| -ਪੱਤਰ ਪ੍ਰੇਰਕ