ਸਰਬਜੀਤ ਸਿੰਘ ਸਾਗਰ
ਦੀਨਾਨਗਰ, 10 ਜੁਲਾਈ
ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜਨ ਦੇ ਉਦੇਸ਼ ਤਹਿਤ ਚੌਧਰੀ ਜੈਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਵੱਲੋਂ ਸਕੂਲ ਵਿੱਚ ‘ਪੰਜਾਬੀ ਸੱਥ’ ਸਥਾਪਿਤ ਕੀਤੀ ਗਈ ਹੈ। ਇਸ ਦਾ ਉਦਘਾਟਨ ਪੰਜਾਬ ਦੀ ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਅੱਜ ਕੀਤਾ ਗਿਆ। ਇਸ ਮੌਕੇ ਮੰਤਰੀ ਵੱਲੋਂ ਸਕੂਲ ਦੇ ਇਸ ਵੱਖਰੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਕਿਹਾ ਕਿ ਸੋਸ਼ਲ ਮੀਡੀਆ ਤੇ ਇੰਟਰਨੈੱਟ ਦੇ ਜ਼ਮਾਨੇ ’ਚ ਜਿੱਥੇ ਸਾਡੇ ਨੌਜਵਾਨ ਬੱਚੇ-ਬੱਚੀਆਂ ਆਪਣੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਨ ਉੱਥੇ ਇਹ ‘ਪੰਜਾਬੀ ਸੱਥ’ ਉਨ੍ਹਾਂ ਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਨਾਲ ਜੋੜਨ ’ਚ ਸਹਾਈ ਸਿੱਧ ਹੋਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਭਰ ਦੇ ਸਕੂਲਾਂ ’ਚੋਂ ਚੌਧਰੀ ਜੈਮੁਨੀ ਸਕੂਲ ਨੇ ਪੰਜਾਬੀ ਸੱਥ ਨੂੰ ਸਥਾਪਿਤ ਕਰਨ ’ਚ ਪਹਿਲ ਕੀਤੀ ਹੈ ਅਤੇ ਇੱਥੇ ਉਹ ਪੁਰਾਣੀਆਂ ਤਮਾਮ ਵਸਤੂਆਂ ਰੱਖੀਆਂ ਗਈਆਂ ਹਨ ਜਿਨ੍ਹਾਂ ਨੂੰ ਦੇਖ ਕੇ ਸਕੂਲ ਦੀਆਂ ਬੱਚੀਆਂ ਪੰਜਾਬੀ ਵਿਰਸੇ ਬਾਰੇ ਜਾਣਕਾਰੀ ਹਾਸਲ ਕਰ ਸਕਦੀਆਂ ਹਨ। ਇਸ ਦੌਰਾਨ ਮੰਤਰੀ ਅਰੁਣਾ ਚੌਧਰੀ ਵੱਲੋਂ ਪੰਜਾਬੀ ਸੱਥ ਦਾ ਦੌਰਾ ਕਰਕੇ ਉਸ ਵਿੱਚ ਸਥਾਪਿਤ ਹੱਥ ਨਾਲ ਸਮਾਨ ਪੀਸਣ ਵਾਲੀ ਚੱਕੀ, ਖੂਹ, ਪੰਘੂੜਾ, ਚੁੱਲਾ-ਚੌਂਕਾ ਅਤੇ ਭੰਗੜਾ ਪਾਉਂਦੇ ਗੱਭਰੂ-ਮੁਟਿਆਰ ਸਮੇਤ ਹੋਰਨਾਂ ਬਹੁਤ ਸਾਰੀਆਂ ਵਸਤੂਆਂ ਨੂੰ ਦੇਖਿਆ ਅਤੇ ਸਾਮਾਨ ਦੀ ਖੂਬਸੂਰਤੀ ਨੂੰ ਸਲਾਹਿਆ।
ਇਸ ਤੋਂ ਪਹਿਲਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਦੀਪ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰੇਸ਼ ਸੈਣੀ, ਪ੍ਰਿੰਸੀਪਲ ਰਾਜਵਿੰਦਰ ਕੌਰ, ਪੰਜਾਬੀ ਅਧਿਆਪਕ ਸੁਰਿੰਦਰ ਮੋਹਨ ਅਤੇ ਰਾਕੇਸ਼ ਗੁਪਤਾ ਵੱਲੋਂ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੂੰ ਹਾਰ ਤੇ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਪੰਜਾਬੀ ਸੱਥ ਤਿਆਰ ਕਰਨ ’ਚ ਅਹਿਮ ਯੋਗਦਾਨ ਪਾਣ ਵਾਲੇ ਅਧਿਆਪਕਾਂ ਤੇ ਹੋਰਨਾਂ ਸਹਿਯੋਗੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਨੂੰ ਵੀ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਆ ਗਿਆ। ਇਸ ਮੌਕੇ ਮੀਡੀਆ ਇੰਚਾਰਜ ਦੀਪਕ ਭੱਲਾ, ਡਾ. ਪ੍ਰਦੀਪ ਤੁਲੀ, ਅਧਿਆਪਕ ਜਗਤਾਰ ਸਿੰਘ ਸੋਖੀ, ਬਾਬਾ ਜਗੀਰ ਸਿੰਘ, ਪੁਸ਼ਪਾ ਦੇਵੀ, ਰਜਵੰਤ ਕੌਰ, ਹਰਪ੍ਰੀਤ ਕੌਰ ਤੇ ਰਮਾ ਕੁਮਾਰੀ ਹਾਜ਼ਰ ਸਨ।