ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 18 ਅਕਤੂਬਰ
ਅੱਜ ਇੱਥੋਂ ਨਜ਼ਦੀਕੀ ਪਿੰਡ ਦੇਵੀਦਾਸਪੁਰਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੰਮ੍ਰਿਤਸਰ-ਦਿੱਲੀ ਮੁੱਖ ਰੇਲ ਮਾਰਗ ਜਾਮ ਕੀਤਾ ਗਿਆ। ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਕਿਹਾ ਅੱਜ ਦਾ ‘ਰੇਲ ਰੋਕੋ’ ਪ੍ਰਦਰਸ਼ਨ ਮੋਦੀ ਸਰਕਾਰ ਦੀਆਂ ਜੜ੍ਹਾਂ ਪੁੱਟਣ ਦੀ ਸ਼ੁਰੂਆਤ ਹੈ। ਉਨ੍ਹਾਂ ਕਿਹਾ ਮੋਦੀ ਸਰਕਾਰ ਅੰਦੋਲਨ ਨੂੰ ਬਦਨਾਮ ਕਰਨ ਲਈ ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ਉੱਤੇ ਰਾਜਨੀਤੀ ਕਰ ਰਹੀ ਹੈ। ਪੰਧੇਰ ਨੇ ਕਿਹਾ ਜੇਕਰ ਸਰਕਾਰ ਕਾਨੂੰਨ ਦੀ ਗੱਲ ਕਰ ਰਹੀ ਹੈ ਤਾਂ ਉਹ ਲਖੀਮਪੁਰ ਕਤਲ ਕਾਂਡ ਦੀ ਘਟਨਾ ਦੇ ਕੇਸ ਵਿਚ ਮੁਲਜ਼ਮ ਆਪਣੇ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ’ਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰ ਰਹੀ। ਬੁਲਾਰਿਆਂ ਰਣਜੀਤ ਸਿੰਘ ਕਲੇਰਬਾਲਾ, ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੇ ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨ ਲਾਗੂ ਕਰਕੇ ਦੇਸ਼ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਦੇ ਹੱਥ ਵਿਚ ਦੇਣਾ ਚਾਹੁੰਦੀ ਹੈ, ਜਿਸ ਨਾਲ ਮਹਿੰਗਾਈ ਸਿਖਰਾਂ ‘ਤੇ ਪਹੁੰਚ ਜਾਵੇਗੀ।ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਨੂੰ ਲੋਕ ਸੱਤਾ ਤੋਂ ਬਾਹਰ ਦਾ ਰਸਤਾ ਵਿਖਾਉਣਗੇ ਤੇ ਤਿੰਨੋਂ ਕਾਨੂੰਨ ਵਾਪਸ ਕਰਾਉਣ ਤੱਕ ਸੰਘਰਸ਼ ਜਾਰੀ ਰੱਖਣਗੇ।