ਐੱਨਪੀ ਧਵਨ
ਪਠਾਨਕੋਟ, 25 ਸਤੰਬਰ
ਫੈਮਿਲੀ ਪੈਨਸ਼ਨ ਦਾ ਝਾਂਸਾ ਦੇ ਕੇ 43 ਲੱਖ 80 ਹਜ਼ਾਰ 705 ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਥਾਣਾ ਸੁਜਾਨਪੁਰ ਦੀ ਪੁਲੀਸ ਨੇ ਪਤੀ-ਪਤਨੀ ਸਮੇਤ 5 ਖਿਲਾਫ ਕੇਸ ਦਰਜ ਕੀਤਾ ਹੈ। ਇਹ ਮਾਮਲਾ ਪ੍ਰਕਾਸ਼ੋ ਦੇਵੀ ਪਤਨੀ ਚੰਨਣ ਸਿੰਘ ਵਾਸੀ ਵਾਰਡ ਨੰਬਰ 12 ਮੁਹੱਲਾ ਮਿਸਤਰੀਆਂ, ਸੁਜਾਨਪੁਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਹੈ। ਪ੍ਰਕਾਸ਼ੋ ਦੇਵੀ ਨੇ ਦੱਸਿਆ ਕਿ ਉਸ ਦਾ ਪਤੀ ਚੰਨਣ ਸਿੰਘ ਫੌਜ ਵਿੱਚ ਨੌਕਰੀ ਕਰਦਾ ਸੀ। ਉਸ ਦੀ 2003 ਵਿੱਚ ਮੌਤ ਹੋ ਗਈ ਸੀ। ਉਸ ਨੇ ਹਰਨਾਮ ਦਾਸ ਨੂੰ ਆਪਣਾ ਧਰਮ ਦਾ ਭਰਾ ਬਣਾਇਆ ਹੋਇਆ ਸੀ। ਉਸ ਦੇ ਪਤੀ ਦੀ ਮੌਤ ਹੋ ਜਾਣ ਤੋਂ ਬਾਅਦ ਹਰਨਾਮ ਦਾਸ ਨੇ ਉਸ ਨੂੰ ਕਿਹਾ ਕਿ ਉਹ ਤੁਹਾਡੀ ਫੈਮਿਲੀ ਪੈਨਸ਼ਨ ਲਗਵਾ ਦੇਵੇਗਾ। ਤੁਸੀਂ ਦਸਤਾਵੇਜ਼ ਦੇ ਦਿਉ। ਹਰਨਾਮ ਦਾਸ ਨੇ ਕਾਗਜ਼ਾਂ ਦਿਖਾ ਕੇ ਫੈਮਲੀ ਪੈਨਸ਼ਨ ਲਗਵਾ ਲਈ। ਇਸ ਸਬੰਧੀ ਉਸ ਨੂੰ ਨਹੀਂ ਦੱਸਿਆ ਅਤੇ ਧੋਖੇ ਨਾਲ ਆਪ ਅਤੇ ਹਰਨਾਮ ਦਾਸ ਦੇ ਪਰਿਵਾਰਕ ਮੈਂਬਰ ਪੈਸੇ ਕਢਵਾਉਂਦੇ ਰਹੇ। ਮੁਲਜ਼ਮ ਤੇ ਇਸ ਦੇ ਪਰਿਵਾਰ ਨੇ ਕੁੱਲ 43, 80, 705 ਰੁਪਏ ਦੀ ਧੋਖਾਧੜੀ ਕੀਤੀ ਹੈ। ਇਸ ਸ਼ਿਕਾਇਤ ਦੀ ਪੜਤਾਲ ਆਰਥਿਕ ਅਪਰਾਧ ਸ਼ਾਖਾ ਵੱਲੋਂ ਕੀਤੀ ਗਈ। ਇਸ ਵਿੱਚ ਹਰਨਾਮ ਦਾਸ, ਉਸ ਦੀ ਪਤਨੀ ਵਿਮਲਾ, ਪੁੱਤਰ ਰਾਜੇਸ਼ ਕੁਮਾਰ ਅਤੇ ਉਸ ਦੀ ਪਤਨੀ ਪੂਜਾ ਸ਼ਰਮਾ ਤੇ ਧੀ ਦੀਪਤੀ ਸ਼ਰਮਾ ਉਰਫ ਮੱਖਣੀ ਵਾਸੀ ਸੁਜਾਨਪੁਰ ਦੋਸ਼ੀ ਪਾਏ ਗਏ। ਇੰਸਪੈਕਟਰ ਕ੍ਰਿਸ਼ਨ ਪਾਲ ਨੇ ਦੱਸਿਆ ਕਿ ਪੰਜਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ।