ਪੱਤਰ ਪ੍ਰੇਰਕ
ਧਾਰੀਵਾਲ, 25 ਜਨਵਰੀ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਵਿੱਚ 75ਵਾਂ ਗਣਤੰਤਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਐੱਸ.ਬੀ. ਨਾਯਰ ਅਤੇ ਪ੍ਰਬੰਧਕ ਨਵਦੀਪ ਕੌਰ ਤੇ ਕੁਲਦੀਪ ਕੌਰ ਦੀ ਅਗਵਾਈ ਹੇਠ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਦਸਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕਰਦਿਆਂ ਅਤੇ ਸਕੂਲ ਮੁਖੀ ਤੇ ਪ੍ਰਬੰਧਕ ਮੈਂਬਰਾਂ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਕੀਤੀ।
ਇਸ ਦੌਰਾਨ ਦਸਵੀਂ ਦੀਆਂ ਵਿਦਿਆਰਥਣਾਂ ਮੁਸਕਾਨਪ੍ਰੀਤ ਕੌਰ ਅਤੇ ਮਹਿਕਪ੍ਰੀਤ ਕੌਰ ਨੇ ਭਾਰਤੀ ਸੰਵਿਧਾਨ ਦੀ ਵਿਸ਼ਾਲਤਾ ਬਾਰੇ ਵਿਚਾਰ ਪੇਸ਼ ਕੀਤੇ। ਵਿਦਿਆਰਥਣ ਕਾਮਨੀ ਸਲਾਰੀਆ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਦਰਸਾਉਂਦੀ ਕਵਿਤਾ ਪੇਸ਼ ਕੀਤੀ। ਸਕੂਲ ਦੇ ਕੇ ਜੀ ਬਲਾਕ ਦੇ ਵਿਦਿਆਰਥੀਆਂ ਨੇ ਦੇਸ਼ਭਗਤ ਸੈਲਾਨੀਆਂ ਦੀ ਭੂਮਿਕਾ ਨਿਭਾਅ ਕੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਏ। ਸਕੂਲ ਹਾਊਸ ਬੋਰਡਾਂ ਨੂੰ ਦੇਸ਼ ਭਗਤਾਂ ਤੇ ਰਾਸ਼ਟਰੀ ਝੰਡੇ ਦੀਆਂ ਤਸਵੀਰਾਂ ਲਾ ਕੇ ਸਜਾਇਆ ਗਿਆ ਸੀ। ਚਾਰਾਂ ਹਾਊਸਾਂ ਦੇ ਬੱਚਿਆਂ ਵਿੱਚ ਦੇਸ਼ ਭਗਤੀ ਦੇ ਕਾਰਡ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਪ੍ਰਿੰਸੀਪਲ ਸ੍ਰੀ ਨਾਯਰ ਨੇ ਵਿਦਿਆਰਥੀਆਂ ਨੂੰ ਦੇਸ਼ ਪ੍ਰਤੀ ਸਤਿਕਾਰ ਦੀ ਭਾਵਨਾ ਰੱਖਣ ਦਾ ਪ੍ਰਣ ਦਿਵਾਇਆ।