ਹਰਜੀਤ ਸਿੰਘ ਪਰਮਾਰ
ਬਟਾਲਾ, 27 ਸਤੰਬਰ
ਬਟਾਲਾ-ਅੰਮ੍ਰਿਤਸਰ ਬਾਈਪਾਸ ’ਤੇ ਸਥਿੱਤ ਕਬਾੜ ਦੀ ਦੁਕਾਨ ਵਿੱਚੋਂ ਇੱਕ ਨੌਜਵਾਨ ਅੱਜ ਅਲਮਾਰੀ ਤੋੜ ਕੇ ਸਾਢੇ 9 ਲੱਖ ਰੁਪਏ ਚੋਰੀ ਕਰਕੇ ਫ਼ਰਾਰ ਹੋ ਗਿਆ। ਨੌਜਵਾਨ ਗਾਹਕ ਬਣ ਕੇ ਦੁਕਾਨ ਅੰਦਰ ਆਇਆ ਅਤੇ ਘਟਨਾ ਨੂੰ ਅੰਜ਼ਾਮ ਦੇ ਕੇ ਰਫ਼ੂਚੱਕਰ ਹੋ ਗਿਆ। ਚੋਰੀ ਦੀ ਘਟਨਾ ਦੁਕਾਨ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਪੁਲੀਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਪਵਨ ਕੁਮਾਰ ਮਹਾਜਨ ਨੇ ਦੱਸਿਆ ਕਿ ਅੱਜ ਸਵੇਰੇ ਉਸ ਦਾ ਲੜਕਾ ਦੁਕਾਨ ’ਤੇ ਆਇਆ ਸੀ ਅਤੇ ਕੁੱਝ ਲੋਕਾਂ ਦੀ ਅਦਾਇਗੀ ਕਰਨ ਲਈ ਘਰੋਂ ਕਰੀਬ ਸਾਢੇ 9 ਲੱਖ ਰੁਪਏ ਲੈ ਕੇ ਆਇਆ ਸੀ ਜੋ ਉਸ ਨੇ ਦੁਕਾਨ ਅੰਦਰ ਪਈ ਲੋਹੇ ਦੀ ਅਲਮਾਰੀ ਵਿੱਚ ਰੱਖੇ ਸਨ। ਇਸੇ ਦੌਰਾਨ ਇੱਕ ਨੌਜਵਾਨ ਗਾਹਕ ਬਣ ਕੇ ਆਇਆ ਅਤੇ ਉਸ ਕੋਲੋਂ ਲੋਹੇ ਦੇ ਗਾਡਰ ਮੰਗੇ। ਉਸ ਨੇ ਦੱਸਿਆ ਕਿ ਉਸ ਦਾ ਲੜਕਾ ਉਸ ਗਾਹਕ ਨੂੰ ਗਾਡਰ ਵਿਖਾਉਣ ਲਈ ਪਿੱਛੇ ਗੋਦਾਮ ਵਿੱਚ ਚਲਾ ਗਿਆ ਪਰ ਗਾਹਕ ਉੱਥੋਂ ਹੀ ਵਾਪਸ ਆ ਗਿਆ। ਉਸ ਦਾ ਲੜਕਾ ਗੁਦਾਮ ਅੰਦਰ ਹੀ ਆਪਣਾ ਸਾਮਾਨ ਵੇਖਣ ਲੱਗ ਪਿਆ। ਕੁੱਝ ਸਮੇਂ ਬਾਅਦ ਜਦੋਂ ਉਸ ਦਾ ਲੜਕਾ ਗੁਦਾਮ ਦੇ ਦਫ਼ਤਰ ਅੰਦਰ ਆਇਆ ਤਾਂ ਉਸ ਵੇਖਿਆ ਕਿ ਅਲਮਾਰੀ ਵਿੱਚ ਪਏ ਸਾਢੇ 9 ਲੱਖ ਰੁਪਏ ਗਾਇਬ ਸਨ। ਉਨ੍ਹਾਂ ਜਦੋਂ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ ਤਾਂ ਵੇਖਿਆ ਕਿ ਜੋ ਨੌਜਵਾਨ ਗਾਡਰ ਲੈਣ ਆਇਆ ਸੀ ਉਹੋ ਹੀ ਅਲਮਾਰੀ ਦਾ ਤਾਲਾ ਤੋੜ ਕੇ ਵਿੱਚੋਂ ਪੈਸੇ ਚੋਰੀ ਕਰਕੇ ਲੈ ਕੇ ਗਿਆ ਹੈ।
ਉਨ੍ਹਾਂ ਦੱਸਿਆ ਕਿ ਘਟਨਾ ਨੂੰ ਅੰਜ਼ਾਮ ਦੇਣ ਲਈ ਦੋ ਨੌਜਵਾਨ ਅਲਟੋ ਕਾਰ ਵਿੱਚ ਸਵਾਰ ਹੋ ਕੇ ਆਏ ਸਨ ਜਿਨਾਂ ਵਿੱਚੋਂ ਇੱਕ ਹੀ ਦੁਕਾਨ ਅੰਦਰ ਆਇਆ ਅਤੇ ਘਟਨਾ ਨੂੰ ਅੰਜ਼ਾਮ ਦੇ ਕੇ ਦੋਵੇਂ ਕਾਰ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਏ।ਡੀਐੱਸਪੀ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਵੇਗਾ। ਕੁੱਝ ਲੋਕਾਂ ਨੇ ਸਵਾਲ ਕੀਤਾ ਕਿ ਅਲਮਾਰੀ ਤੋੜਨ ਦਾ ਖੜਕਾ ਤਾਂ ਹੋਇਆ ਹੋਵੇਗਾ, ਮਾਮਲਾ ਸ਼ੱਕੀ ਜਾਪਦਾ ਹੈ।