ਕੇਪੀ ਸਿੰਘ
ਗੁਰਦਾਸਪੁਰ, 4 ਸਤੰਬਰ
ਜੁਲਾਈ ਦੌਰਾਨ ਪੰਜਾਬ ਸਿੱਖਿਆ ਵਿਭਾਗ ਦੇ ਖੇਤਰੀ ਦਫ਼ਤਰਾਂ, ਸੰਸਥਾਵਾਂ ਤੇ ਸਕੂਲਾਂ ਵਿੱਚ ਤਰਸ ਦੇ ਆਧਾਰ ’ਤੇ ਨਿਯੁਕਤ ਕਲਰਕਾਂ ਦਾ ਦਫ਼ਤਰ ਭਾਸ਼ਾ ਵਿਭਾਗ, ਪੰਜਾਬ ਦੇ ਕੋਆਰਡੀਨੇਟਰ ਜ਼ਿਲ੍ਹਿਆਂ ਵੱਲੋਂ ਲਏ ਪੰਜਾਬੀ ਤੇ ਅੰਗਰੇਜ਼ੀ ਟਾਈਪ ਟੈੱਸਟ ਦੇ ਐਲਾਨੇ ਗਏ ਨਤੀਜੇ ਬੇਹੱਦ ਨਿਰਾਸ਼ ਕਰਨ ਵਾਲੇ ਹਨ। ਵਿਭਾਗ ਦੀ ਵੈੱਬਸਾਈਟ ’ਤੇ ਅਪਲੋਡ ਨਤੀਜੇ ਅਨੁਸਾਰ ਇਨ੍ਹਾਂ ਕਲਰਕਾਂ ਵਿੱਚੋਂ ਪੰਜਾਬੀ ’ਚੋਂ ਸਿਰਫ਼ ਸੱਤ ਪ੍ਰਤੀਸ਼ਤ ਤੇ ਅੰਗਰੇਜ਼ੀ ਵਿੱਚੋਂ ਅੱਠ ਫ਼ੀਸਦੀ ਕਲਰਕ ਹੀ ਪ੍ਰੀਖਿਆ ਪਾਸ ਕਰ ਪਾਏ ਹਨ। ਨਤੀਜੇ ਸਬੰਧੀ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ.), ਪੰਜਾਬ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸਕੈਂਡਰੀ, ਸਮੂਹ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ, ਸਮੂਹ ਪ੍ਰਿੰਸੀਪਲ ਡਾਇਟ ਅਤੇ ਸਮੂਹ ਬੀਪੀਓਜ਼ ਨੂੰ ਦੋ ਅਗਸਤ ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਪੱਤਰ ਅਨੁਸਾਰ ਸੂਬੇ ਦੇ ਤਰਸ ਦੇ ਆਧਾਰ ’ਤੇ ਨੌਕਰੀ ਲੈਣ ਵਾਲੇ 123 ਕਲਰਕਾਂ ਵਿੱਚੋਂ 86 ਕਲਰਕਾਂ ਨੇ ਪੰਜਾਬੀ ਦੀ ਟਾਈਪਿੰਗ ਦੀ ਪ੍ਰੀਖਿਆ ਦਿੱਤੀ ਅਤੇ ਜਦਕਿ 37 ਗੈਰਹਾਜ਼ਰ ਰਹੇ। ਇਨ੍ਹਾਂ ਵਿੱਚੋਂ ਸਿਰਫ਼ ਛੇ ਕਲਰਕ ਹੀ ਪੰਜਾਬੀ ਦੀ ਟਾਈਪਿੰਗ ਦੀ ਪ੍ਰੀਖਿਆ ਪਾਸ ਕਰ ਪਾਏ ਅਤੇ ਬਾਕੀ 80 ਫੇਲ੍ਹ ਰਹੇ। ਇਨ੍ਹਾਂ 123 ਵਿੱਚੋਂ ਕਲਰਕਾਂ ਵਿੱਚੋਂ 79 ਨੇ ਅੰਗਰੇਜ਼ੀ ਦੀ ਟਾਈਪਿੰਗ ਪ੍ਰੀਖਿਆ ਦਿੱਤੀ ਸੀ ਅਤੇ 44 ਕਲਰਕ ਗੈਰਹਾਜ਼ਰ ਰਹੇ ਪਰ ਇਨ੍ਹਾਂ ਹਾਜ਼ਰ ਕਲਰਕਾਂ ਵਿੱਚੋਂ ਸਿਰਫ਼ 7 ਕਲਰਕ ਹੀ ਅੰਗਰੇਜ਼ੀ ਦੀ ਪ੍ਰੀਖਿਆ ਪਾਸ ਕਰ ਪਾਏ ਅਤੇ ਬਾਕੀ 72 ਫੇਲ੍ਹ ਰਹੇ। ਗੁਰਦਾਸਪੁਰ ਜ਼ਿਲ੍ਹੇ ਦੇ ਚਾਰ ਕਲਰਕਾਂ ਨੇ ਤਰਸ ਦੇ ਆਧਾਰ ’ਤੇ ਨੌਕਰੀ ਲਈ ਹੈ, ਜਿਨ੍ਹਾਂ ਵਿੱਚੋਂ ਤਿੰਨ ਨੇ ਟੈੱਸਟ ਦਿੱਤੇ ਹੀ ਨਹੀਂ ਅਤੇ ਇੱਕ ਅੰਗਰੇਜ਼ੀ ਵਿੱਚੋਂ ਫੇਲ੍ਹ ਦੇ ਪੰਜਾਬੀ ਵਿੱਚ ਪਾਸ ਕਰ ਗਿਆ।