ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 27 ਜਨਵਰੀ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਅਤੇ ਟਰੇਡ ਯੂਨੀਅਨ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਕਾਰਕੁਨਾਂ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਕੰਪਨੀ ਬਾਗ ਵਿੱਚ ਇਕੱਠੇ ਹੋ ਕੇ ਸ਼ਹਿਰ ਵਿੱਚ ਟਰੈਕਟਰ ਮਾਰਚ ਕੀਤਾ। ਮਾਰਚ ਦੀ ਅਗਵਾਈ ਬਲਦੇਵ ਸਿੰਘ ਸੈਦਪੁਰ, ਸਤਨਾਮ ਸਿੰਘ ਝੰਡੇਰ, ਬਲਦੇਵ ਸਿੰਘ ਵੇਰਕਾ, ਪ੍ਰਭਜੀਤ ਸਿੰਘ ਤਿੰਮੋਵਾਲ, ਦਲਵਿੰਦਰ ਸਿੰਘ ਸਾਹ, ਰਣਬੀਰ ਸਿੰਘ ਬੱਲਕਲਾਂ, ਮਨਜੀਤ ਸਿੰਘ ਬਾਠ, ਗੁਰਦੇਵ ਸਿੰਘ ਵਰਪਾਲ, ਨਰਿੰਦਰ ਬੱਲ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ, ਸਵਿੰਦਰ ਸਿੰਘ ਮੀਰਾਂਕੋਟ ਤੇ ਨਿਸ਼ਾਨ ਸਿੰਘ ਸਾਂਘਣਾਂ ਨੇ ਕੀਤੀ। ਟਰੈਕਟਰ ਪਰੇਡ ਸ਼ੁਰੂ ਕਰਨ ਤੋਂ ਪਹਿਲਾਂ ਕੰਪਨੀ ਬਾਗ ਵਿੱਚ ਰੈਲੀ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅਪਣਾਈਆਂ ਗਈਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਕਾਰਪੋਰੇਟ ਵੱਲੋਂ ਕੀਤੀ ਜਾ ਰਹੀ ਲੁੱਟ ਨੂੰ ਖਤਮ ਕਰਾਉਣ ਅਤੇ ਸੰਵਿਧਾਨ ਵਿੱਚ ਦਰਜ ਜਮਹੂਰੀ, ਧਰਮ ਨਿਰਪੱਖ, ਸੰਘੀ ਢਾਂਚਾ ਬਚਾਉਣ ਲਈ ਟਰੈਕਟਰ ਪਰੇਡ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨਾਂ ਨੂੰ ਸਮੂਹ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਮਿੱਥ ਕੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ ਤੇ ਖਰੀਦ ਦੀ ਗਾਰੰਟੀ ਹੋਵੇ।
ਤਰਨ ਤਾਰਨ (ਗੁਰਬਖਸ਼ਪੁਰੀ): ਗਣਤੰਤਰ ਦਿਵਸ ਮੌਕੇ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਖਿਲਾਫ਼ ਜ਼ਿਲ੍ਹੇ ਦੇ ਵੱਖ-ਵੱਖ ਭਾਗਾਂ ਵਿੱਚ ਟਰੈਕਟਰ ਮਾਰਚ ਕੀਤੇ ਅਤੇ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਲਾਮਬੰਦ ਹੋਣ ਦਾ ਹੋਕਾ ਦਿੱਤਾ| ਟਰੈਕਟਰ ਮਾਰਚ ਦੀ ਤਰਨ ਤਾਰਨ ਵਿੱਚ ਕਿਸਾਨ ਆਗੂ ਨਛੱਤਰ ਸਿੰਘ, ਪੱਟੀ ਵਿੱਚ ਕਾਮਰੇਡ ਹਰਭਜਨ ਸਿੰਘ, ਖਡੂਰ ਸਾਹਿਬ ਵਿੱਚ ਹਰਜਿੰਦਰ ਸਿੰਘ ਟਾਂਡਾ ਅਤੇ ਭਿੱਖੀਵਿੰਡ ਵਿੱਚ ਮਾਸਟਰ ਦਲਜੀਤ ਸਿੰਘ ਦਿਆਲਪੁਰਾ ਨੇ ਅਗਵਾਈ ਕੀਤੀ| ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਕੀਤੇ ਟਰੈਕਟਰ ਮਾਰਚ ਦੀ ਮੰਡਾਲਾ ਵਿੱਚ ਅਗਵਾਈ ਸੁਲੱਖਣ ਸਿੰਘ, ਸਭਰਾ ਵਿੱਚ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗੁਰਬਾਜ਼ ਸਿੰਘ ਸਿੱਧਵਾਂ ਅਤੇ ਵਲਟੋਹਾ ਵਿੱਚ ਸੁਖਵੰਤ ਸਿੰਘ ਨੇ ਅਗਵਾਈ ਕੀਤੀ|
ਪਠਾਨਕੋਟ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਵੱਲੋਂ ਬਮਿਆਲ ਅਤੇ ਪਠਾਨਕੋਟ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕੇਵਲ ਸਿੰਘ ਕੰਗ ਤੇ ਜੋਤੀ ਬਾਜਵਾ, ਕੁੱਲ ਹਿੰਦ ਕਿਸਾਨ ਸਭਾ ਦੇ ਪ੍ਰਸ਼ੋਤਮ ਕੁਮਾਰ ਤੇ ਚਮਨ ਲਾਲ, ਜਮਹੂਰੀ ਕਿਸਾਨ ਸਭਾ ਦੇ ਬਲਦੇਵ ਰਾਜ ਤੇ ਬਲਵੰਤ ਸਿੰਘ ਘੋਹ, ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਆਈ ਐਸ ਗੁਲਾਟੀ, ਕਿਰਤੀ ਕਿਸਾਨ ਯੂਨੀਅਨ ਦੇ ਵਿਜੇ ਕੁਮਾਰ ਤੇ ਕਮਲ ਕਿਸ਼ੋਰ ਨੇ ਕੀਤੀ। ਇਸ ਮਾਰਚ ਦੀ ਸ਼ੁਰੂਆਤ ਇਤਿਹਾਸਕ ਨਗਰੀ ਬਾਰਠ ਸਾਹਿਬ ਤੋਂ ਨਾਅਰਿਆਂ ਨਾਲ ਕੀਤੀ ਗਈ ਅਤੇ ਇਹ ਮਾਰਚ ਜਸਵਾਲੀ, ਭੋਆ, ਸਰਨਾ ਸਟੇਸ਼ਨ, ਸਰਨਾ, ਮਲਿਕਪੁਰ, ਗੁਰਦਾਸਪੁਰ ਰੋਡ, ਡਲਹੌਜੀ ਰੋਡ, ਢਾਂਗੂ ਰੋਡ, ਬਾਈਪਾਸ ਭਗਤ ਸਿੰਘ ਚੌਂਕ ਪੁੱਜ ਕੇ ਸਮਾਪਤ ਹੋਇਆ। ਰਸਤੇ ਵਿੱਚ ਵਾਲਮੀਕਿ ਚੌਕ ਵਿੱਚ ਰੈਲੀ ਕੀਤੀ ਗਈ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਵਲੋਂ ਗਣਤੰਤਰ ਦਿਵਸ ਦੇ ਮੌਕੇ ’ਤੇ ਸ਼ਹਿਰ ਵਿਚ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਸੰਬੋਧਨ ਕੀਤਾ। ਟਰੈਕਟਰ ਮਾਰਚ ਰੌਸ਼ਨ ਗਰਾਊਂਡ ਤੋਂ ਸ਼ੁਰੂ ਹੋ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਮਾਪਤ ਹੋਇਆ।
ਫਿਲੌਰ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਜਮਹੂਰੀ ਕਿਸਾਨ ਸਭਾ ਵੱਲੋਂ 200 ਤੋਂ ਵੱਧ ਟਰੈਕਟਰਾਂ ਨਾਲ ਮਾਰਚ ਕੀਤਾ ਗਿਆ। ਇਹ ਟਰੈਕਟਰ ਮਾਰਚ ਬੀੜ ਬੰਸੀਆਂ ਤੋਂ ਸ਼ੁਰੂ ਹੋਇਆ ਜੋ ਰੁੜਕਾਂ ਕਲਾਂ, ਗੁਰਾਇਆ ਤੋਂ ਹੁੰਦਾ ਹੋਇਆ ਇੱਥੇ ਪੁੱਜਾ। ਇਸ ਥਾਂ ਤੋਂ ਮਾਰਚ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਅਤੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ ਨੇ ਕੀਤੀ।
ਗੁਰਾਇਆ (ਨਿੱਜੀ ਪੱਤਰ ਪ੍ਰੇਰਕ): ਜਮਹੂਰੀ ਕਿਸਾਨ ਸਭਾ ਵੱਲੋਂ 200 ਤੋਂ ਵੱਧ ਟਰੈਕਟਰਾਂ ਨਾਲ ਮਾਰਚ ਕੀਤਾ ਗਿਆ। ਇਹ ਟਰੈਕਟਰ ਮਾਰਚ ਬੀੜ ਬੰਸੀਆਂ ਤੋਂ ਸ਼ੁਰੂ ਹੋਇਆ ਤੇ ਰੁੜਕਾਂ ਕਲਾਂ ਵਾਇਆ ਗੁਰਾਇਆ ਪੁੱਜਾ ਜਿੱਥੇ ਮੁੱਖ ਚੌਕ ਤੋਂ ਹੁੰਦਿਆਂ ਫਿਲੌਰ ਪੁੱਜਾ ਜਿੱਥੇ ਐੱਸਕੇਐੱਮ ਦੀਆਂ ਦੂਜੀਆਂ ਧਿਰਾਂ ਨਾਲ ਰਲ ਕੇ ਵਿਸ਼ਾਲ ਮਾਰਚ ਕੀਤਾ ਗਿਆ। ਇਸ ਜਥੇ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ, ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ ਅਤੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ ਨੇ ਕੀਤੀ।
ਫਤਿਹਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜਿਆਂਵਾਲੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਖਿਲਾਫ ਸੈਂਕੜੇ ਟਰੈਕਟਰਾਂ ਨਾਲ ਰੋਸ ਮਾਰਚ ਕੱਢਿਆ ਗਿਆ। ਇਹ ਟਰੈਕਟਰ ਮਾਰਚ ਪਿੰਡ ਮੰਜਿਆਂਵਾਲੀ ਤੋਂ ਸ਼ੁਰੂ ਹੋਕੇ ਤਹਿਸੀਲ ਫਤਿਹਗੜ੍ਹ ਚੂੜੀਆਂ ਦੇ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਦਾਣਾ ਮੰਡੀ ਫਤਿਹਗੜ੍ਹ ਚੂੜੀਆਂ ਵਿੱਚ ਸਮਾਪਤ ਹੋਇਆ।