ਪੱਤਰ ਪ੍ਰੇਰਕ
ਪਠਾਨਕੋਟ, 16 ਜੁਲਾਈ
ਇਥੋਂ ਦੇ ਥਾਣਾ ਡਵੀਜ਼ਨ ਨੰਬਰ ਇਕ ਦੀ ਪੁਲੀਸ ਨੇ ਇੱਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਸਿਵਲ ਹਸਪਤਾਲ ਦੇ ਮੈਡੀਕਲ ਅਫਸਰ ਡਾ. ਮਕੁਲ ਜੁਲਕਾ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਡਾ. ਮਕੁਲ ਜੁਲਕਾ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਬੀਤੇ ਦਿਨ ਉਸ ਦੀ ਹਸਪਤਾਲ ਅੰਦਰ ਐਮਰਜੈਂਸੀ ਮੈਡੀਕਲ ਅਫਸਰ ਦੀ ਡਿਊਟੀ ਲੱਗੀ ਹੋਈ ਸੀ। ਰਾਤ 11:35 ਵਜੇ ਆਕਾਸ਼ਦੀਪ ਸਿੰਘ ਵਾਸੀ ਭੜੋਲੀ ਕਲਾਂ ਜੋ ਸ਼ਰਾਬੀ ਹਾਲਤ ਵਿੱਚ ਸੀ, ਦਾ ਮੈਡੀਕਲ ਕਰਵਾਉਣ ਲਈ ਪੁਲੀਸ ਪਾਰਟੀ ਉਸ ਨੂੰ ਸਿਵਲ ਹਸਪਤਾਲ ਵਿੱਚ ਲੈ ਕੇ ਗਈ। ਇਸ ਮੌਕੇ ਡਾਕਟਰ ਮਕੁਲ ਨੇ ਆਪਣੇ ਸਟਾਫ ਨੂੰ ਉਸ ਦਾ ਮੈਡੀਕਲ ਕਰਨ ਲਈ ਕਿਹਾ ਤਾਂ ਉਹ ਬੇਕਾਬੂ ਹੋ ਗਿਆ ਅਤੇ ਡਾਕਟਰ ਮਕੁਲ ਦੀ ਕੁਰਸੀ ’ਤੇ ਬੈਠ ਗਿਆ ਅਤੇ ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ਲੱਗ ਪਿਆ। ਉਸ ਨੇ ਨਰਸ ਨਾਲ ਵੀ ਦੁਰਵਿਹਾਰ ਕੀਤਾ ਅਤੇ ਡਾਕਟਰ ਨੂੰ ਗਾਲਾਂ ਕੱਢੀਆਂ। ਇਸ ਤੋਂ ਬਾਅਦ ਡਾਕਟਰ ਕਟੋਚ ਮੈਡੀਕਲ ਅਫਸਰ ਸਿਵਲ ਹਸਪਤਾਲ ਪਠਾਨਕੋਟ ਆਏ, ਉਨ੍ਹਾਂ ਅਤੇ ਪੁਲੀਸ ਪਾਰਟੀ ਵੱਲੋਂ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਬਾਵਜੂਦ ਵੀ ਉਹ ਡਾਕਟਰ ਕਟੋਚ ਦੇ ਹੱਥੀਂ ਪੈ ਗਿਆ ਜਿਸ ਤੋਂ ਬਾਅਦ ਡਾਕਟਰ ਵੱਲੋਂ ਮੈਡੀਕਲ ਤਿਆਰ ਕੀਤਾ ਗਿਆ ਪਰ ਇਸ ਉਪਰ ਵੀ ਆਕਾਸ਼ਦੀਪ ਸਿੰਘ ਨੇ ਦਸਤਖਤ ਨਹੀਂ ਕੀਤੇ। ਏਐਸਆਈ ਸੁਨੀਲ ਕੁਮਾਰ ਨੇ ਦੱਸਿਆ ਕਿ ਡਾ. ਮਕੁਲ ਦੇ ਬਿਆਨਾਂ ਉਪਰ ਆਕਾਸ਼ਦੀਪ ਸਿੰਘ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ।