ਗੁਰਬਖਸ਼ਪੁਰੀ
ਤਰਨ ਤਾਰਨ, 12 ਜੂਨ
ਪੰਜਾਬ ਸਰਕਾਰ ਵੱਲੋਂ ਮਾਝਾ ਖਿੱਤੇ ਦੇ ਕਿਸਾਨਾਂ ਨੂੰ ਝੋਨੇ ਦੀ ਰਵਾਇਤੀ ਢੰਗ ‘ਕੱਦੂ ਕਰਕੇ’ (ਖੇਤ ਵਿੱਚ ਪਾਣੀ ਖੜ੍ਹਾ ਕਰਕੇ) ਬਿਜਾਈ 14 ਜੂਨ ਤੋਂ ਕਰਨ ਲਈ ਕੀਤੀਆਂ ਹਦਾਇਤਾਂ ਨੂੰ ਪੂਰੀ ਤਰ੍ਹਾਂ ਟਿੱਚ ਜਾਣਦਿਆਂ ਤਰਨ ਤਾਰਨ-ਪੱਟੀ ਸੜਕ ’ਤੇ ਇਕ ਚੋਟੀ ਦਾ ਰਸੂਖਵਾਨ ਕਿਸਾਨ ਚਾਰ ਦਿਨ ਪਹਿਲਾਂ ਦਾ ਹੀ ਆਪਣੇ ਪੰਜ ਏਕੜ ਖੇਤਾਂ ਵਿੱਚ ਝੋਨਾ ਲਗਾ ਕੇ ਪੂਰੀ ਤਰ੍ਹਾਂ ਨਾਲ ਸੁਰਖਰੂ ਹੋ ਗਿਆ ਹੈ| ਇਸ ਕਿਸਾਨ ਦੇ ਆਸ ਪਾਸ ਦੇ ਕਿਸਾਨ ਅਜੇ ਆਪਣੇ ਖੇਤਾਂ ਨੂੰ ਝੋਨਾ ਲਗਾਉਣ ਲਈ ਤਿਆਰ ਤੱਕ ਵੀ ਨਹੀਂ ਕਰ ਸਕੇ|
ਕਈ ਪਿੰਡਾਂ ਵਿੱਚ ਕਿਸਾਨਾਂ-ਮਜ਼ਦੂਰਾਂ ਵਿਚਾਲੇ ਝੋਨੇ ਦੀ ਲਵਾਈ (ਦਿਹਾੜੀ) ਨੂੰ ਲੈ ਕੇ ਤਕਰਾਰ ਚੱਲਦੇ ਆ ਰਹੇ ਹਨ| ਸਰਕਾਰ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸਾਨ ਦਾ ਝੋਨਾ ਵਾਹ ਦੇਣ ਦੀ ਵੀ ਚਿਤਾਵਨੀ ਦਿੱਤੀ ਹੋਈ ਹੈ| ਸਰਕਾਰ ਦੀਆਂ ਹਦਾਇਤਾਂ ਦੀ ਅਣਦੇਖੀ ਕਰਨ ਤੋਂ ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਤੇ ਖੇਤੀਬਾੜੀ ਵਿਭਾਗ ਅੱਖਾਂ ਮੀਚੀ ਬੈਠੇ ਹਨ| ਸਰਕਾਰ ਨੇ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਸਪਲਾਈ ਨੂੰ ਨਿਰਵਿਘਨ ਬਣਾਉਣ ਲਈ ਰਵਾਇਤੀ ਢੰਗ ਨਾਲ ਝੋਨਾ ਲਗਾਉਣ ਲਈ ਸੂਬੇ ਨੂੰ ਤਿੰਨ ਜ਼ੋਨਾਂ ਵਿੱਚ ਵੰਡਿਆ ਹੈ ਜਿਸ ਤਹਿਤ ਮਾਝਾ ਖਿੱਤੇ ਦੇ ਕਿਸਾਨ ਨੂੰ 14 ਜੂਨ ਤੋਂ ਇਸ ਵਿਧੀ ਨਾਲ ਝੋਨਾ ਲਗਾਉਣ ਲਈ ਹਦਾਇਤ ਕੀਤੀ ਗਈ ਹੈ| ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਇਕ ਅਧਿਕਾਰੀ ਰਮਨਦੀਪ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਧਿਕਾਰੀ (ਸੀਏਓ) ਦੀ ਅਸਾਮੀ 31 ਮਈ ਤੋਂ ਅਧਿਕਾਰੀ ਦੇ ਰਿਟਾਇਰ ਹੋਣ ਤੋਂ ਬਾਅਦ ਵਿਭਾਗ ਨੇ ਨਾ ਤਾਂ ਕਿਸੇ ਦੀ ਨਿਯੁਕਤੀ ਕੀਤੀ ਹੈ ਤੇ ਨਾ ਹੀ ਕਿਸੇ ਅਧੀਨ ਅਧਿਕਾਰੀ ਨੂੰ ਅਹੁਦੇ ਦਾ ਚਾਰਜ ਦਿੱਤਾ ਹੈ|
ਅਧਿਕਾਰੀ ਰਮਨਦੀਪ ਸਿੰਘ ਨੇ ਜ਼ਿਲ੍ਹੇ ਅੰਦਰ ਇਸ ਵਿਧੀ ਨਾਲ ਝੋਨਾ 14 ਜੂਨ ਤੋਂ ਲਗਾਉਣ ਦੀ ਪੁਸ਼ਟੀ ਜ਼ਰੂਰ ਕੀਤੀ ਹੈ ਪਰ ਉਨ੍ਹਾਂ ਝੋਨਾ ਲਾਉਣ ਤੇ ਸਰਕਾਰ ਦੀਆਂ ਹਦਾਇਤਾਂ ਦੀ ਕੀਤੀ ਉਲੰਘਣਾ ’ਤੇ ਟਿੱਪਣੀ ਕਰਨ ਤੋਂ ਟਾਲਾ ਵੱਟ ਲਿਆ| ਆਸ ਪਾਸ ਦੇ ਕਿਸਾਨਾਂ ਨੇ ਕਿਹਾ ਕਿ ਝੋਨਾ ਲਗਾਉਣ ਵਾਲੇ ਕਿਸਾਨ ਦੀ ਸਰਕਾਰੇ-ਦਰਬਾਰੇ ‘ਪੂਰੀ ਪਹੁੰਚ’ ਹੈ| ਉਨ੍ਹਾਂ ਕਿਹਾ ਕਿ ਕਿਸਾਨ ਹਾਕਮ ਧਿਰ ਦੇ ਇਲਾਕੇ ਦੇ ਆਗੂ ਦਾ ਖਾਸ-ਮ-ਖਾਸ ਹੈ ਜਿਸ ਦੀ ਹਵਾ ਵੱਲ ਕੋਈ ਅਧਿਕਾਰੀ ਤੱਕਣ ਦੀ ਹਿੰਮਤ ਨਹੀਂ ਰੱਖਦਾ|