ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 15 ਜੁਲਾਈ
ਪੁਲੀਸ ਵੱਲੋਂ 9 ਸਾਲਾ ਨਾਬਾਲਗ ਬੱਚੀ ਸੁਖਮਨਦੀਪ ਕੌਰ ਨੂੰ ਅਗਵਾ ਕਰ ਕੇ ਉਸ ਦਾ ਕਤਲ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਚਾਰ ਮੁਲਜ਼ਮਾਂ ਨੂੰ ਹੋਰ ਪੁੱਛਗਿੱਛ ਲਈ ਦੋ ਦਿਨਾਂ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਇਨ੍ਹਾਂ ਨੂੰ ਕੱਲ੍ਹ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ ਠੇਕੇ ’ਤੇ ਲਏ ਮੈਰਿਜ ਪੈਲੇਸ ਦੀ ਸਫ਼ਲਤਾ ਵਾਸਤੇ ਕਾਲੇ ਇਲ੍ਹਮ ਤਹਿਤ ਨਾਬਾਲਗ ਲੜਕੀ ਦੀ ਹੱਤਿਆ ਕਰ ਦਿੱਤੀ। ਉਨ੍ਹਾਂ ਨੂੰ ਕਿਸੇ ਬਾਬੇ ਨੇ ਮੈਰਿਜ ਪੈਲੇਸ ਦੀ ਸਫ਼ਲਤਾ ਲਈ ਲੜਕੀ ਦੀ ਬਲੀ ਦੇਣ ਦੀ ਸਲਾਹ ਦਿੱਤੀ ਸੀ। ਇਹ ਮੈਰਿਜ ਪੈਲੇਸ ਉਨ੍ਹਾਂ ਨੇ ਮਾਰਚ ਵਿੱਚ ਠੇਕੇ ‘ਤੇ ਲਿਆ ਸੀ। ਸਹਾਇਕ ਪੁਲੀਸ ਕਮਿਸ਼ਨਰ ਸੁਖਪਾਲ ਸਿੰਘ ਅਤੇ ਐੱਸਐੱਚਓ ਹਰਸੰਦੀਪ ਸਿੰਘ ਨੇ ਦੱਸਿਆ ਕਿ ਤਲਬੀਰ ਸਿੰਘ ਅਤੇ ਉਸ ਦਾ ਪੁੱਤਰ ਸੂਰਜ ਪੇਸ਼ੇ ਤੋਂ ਮਿਠਾਈ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਇੱਕ ਡਾਕਟਰ ਨਾਲ ਮਿਲ ਕੇ ਕੱਥੂਨੰਗਲ ਇਲਾਕੇ ਵਿੱਚ ਇੱਕ ਮੈਰਿਜ ਪੈਲੇਸ ਠੇਕੇ ‘ਤੇ ਲਿਆ ਸੀ ਜੋ ਘਾਟੇ ਵਿੱਚ ਚੱਲ ਰਿਹਾ ਸੀ।ਪੁਲੀਸ ਨੇ ਸ਼ੂਗਰ ਮਿੱਲ ਦੀ ਇੱਕ ਅਜਿਹੀ ਬੋਰੀ ਵੀ ਲੱਭੀ ਜਿਸ ਵਿੱਚ ਲਾਸ਼ ਨੂੰ ਨੇੜਲੇ ਪਸ਼ੂਆਂ ਦੇ ਅਹਾਤੇ ਵਿੱਚ ਸੁੱਟਿਆ ਗਿਆ ਸੀ।