ਪੱਤਰ ਪ੍ਰੇਰਕ
ਭਿੱਖੀਵਿੰਡ, 23 ਜੂਨ
ਮੀਰੀ ਪੀਰੀ ਦੇ ਮਾਲਕ, ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਹਾਰ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਨਗਰ ਮਨਿਹਾਲਾ ਜੈ ਸਿੰਘ ਵਿਖੇ ਸ਼ਰਧਾ ਪੂਰਵਕ ਮਨਾਇਆ ਗਿਆ। ਇਸ ਜੋੜ ਮੇਲੇ ਸਬੰਧੀ ਅਖੰਡ ਪਾਠਾਂ ਦੇ ਪ੍ਰਵਾਹ ਲਗਾਤਾਰ ਚੱਲ ਰਹੇ ਸਨ, ਜਿਨ੍ਹਾਂ ਦੇ ਅੱਜ ਭੋਗ ਪਾਏ ਗਏ। ਬਾਬਾ ਹੀਰਾ ਸਿੰਘ ਪ੍ਰਚਾਰਕ ਨੇ ਦੱਸਿਆ ਕਿ ਅੱਜ ਵਿਸ਼ਾਲ ਢਾਡੀ ਦਰਬਾਰ ਸਜਾਇਆ ਗਿਆ। ਗਿਆਨੀ ਸਰਬਜੀਤ ਸਿੰਘ ਲੁਧਿਆਣਾ ਵਾਲੇ, ਗਿਆਨੀ ਚਰਨ ਸਿੰਘ ਆਲਮਗੀਰ, ਗਿਆਨੀ ਗੁਰਪਰਤਾਪ ਸਿੰਘ ਪੱਦਮ ਅਤੇ ਗਿਆਨੀ ਹਰਪਾਲ ਸਿੰਘ ਦੇ ਜਥੇ ਨੇ ਗੌਰਵਮਈ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਗੁਰਮਤਿ ਨਾਲ ਜੋੜਣ ਦਾ ਉਪਰਾਲਾ ਕੀਤਾ। ਇਸ ਮੌਕੇ ਬਾਬਾ ਅਵਤਾਰ ਸਿੰਘ ਸੰਪਰਦਾਏ ਬਾਬਾ ਬਿੱਧੀ ਚੰਦ ਦੇ ਮੁਖੀ ਅਤੇ ਬਾਬਾ ਸ਼ਿੰਦਰ ਸਿੰਘ ਸਭਰਾਵਾਂ ਵਾਲਿਆਂ ਸਮੇਤ ਹੋਰ ਕਈ ਸੰਪਰਦਾਵਾਂ ਦੇ ਮੁਖੀ ਵੀ ਸ਼ਾਮਲ ਹੋਏ।