ਕੇ.ਪੀ ਸਿੰਘ
ਗੁਰਦਾਸਪੁਰ, 25 ਫਰਵਰੀ
ਮਾਸੀ-ਮਾਸੜ ਕੋਲ ਰਹਿ ਰਹੀ 13 ਵਰ੍ਹਿਆਂ ਦੀ ਯਤੀਮ ਨਾਬਾਲਗ ਲੜਕੀ ਗਰਭਵਤੀ ਪਾਈ ਗਈ ਹੈ। ਪੁਲੀਸ ਦੇ ਸ਼ੱਕ ਦੇ ਘੇਰੇ ਵਿੱਚ ਲੜਕੀ ਨਾਲ ਜਬਰ-ਜਨਾਹ ਕਰਨ ਵਾਲੇ ਇਸ ਵਾਲੇ ਛੇ ਵਿਅਕਤੀ ਹਨ। ਪੁਲੀਸ ਨੇ ਫਿਲਹਾਲ ਲੜਕੀ ਦੇ ਮਾਸੀ-ਮਾਸੜ ਅਤੇ ਇੱਕ ਅਣਪਛਾਤੇ ਵਿਅਕਤੀ ਖ਼ਿਲਾਫ਼ ਪੋਕਸੋ ਐਕਟ ਲਗਾ ਕੇ ਮਾਮਲਾ ਦਰਜ ਕੀਤਾ ਹੈ।
ਥਾਣਾ ਸਿਟੀ ਪੁਲੀਸ ਵਿੱਚ ਇੱਕ ਅਣਪਛਾਤੇ ਵਿਅਕਤੀ ਨੇ ਫੋਨ ’ਤੇ ਜਾਣਕਾਰੀ ਦਿੱਤੀ ਕਿ ਨਾਬਾਲਗ ਲੜਕੀ ਨੂੰ ਇਲਾਕੇ ਦੇ ਇੱਕ ਘਰ ਵਿੱਚ ਉਸ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ ਤਸੀਹੇ ਦਿੱਤੇ ਜਾ ਰਹੇ ਹਨ। ਪੁਲੀਸ ਟੀਮ ਮੌਕੇ’ ’ਤੇ ਪਹੁੰਚੀ ਤੇ ਲੜਕੀ ਨੂੰ ਥਾਣੇ ਲੈ ਆਈ। ਲੜਕੀ ਨੇ ਪੁਲੀਸ ਨੂੰ ਸਿਰਫ ਏਨਾ ਦੱਸਿਆ ਕਿ ਉਸ ਦੇ ਮਾਪੇ ਮਰ ਚੁੱਕੇ ਹਨ ਅਤੇ ਉਹ ਆਪਣੀ ਮਾਸੀ ਤੇ ਮਾਸੜ ਕੋਲ ਰਹਿੰਦੀ ਹੈ। ਮਾਸੀ-ਮਾਸੜ ਮੂਲ ਰੂਪ ਵਿੱਚ ਮੇਰਠ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ ਹਨ ਜੋ ਹੁਣ ਗੁਰਦਾਸਪੁਰ ਰਹਿ ਰਹੇ ਹਨ। ਲੜਕੀ ਨੇ ਦੱਸਿਆ ਕਿ ਇਹ ਦੋਵੇਂ ਉਸ ਦੀ ਕੁੱਟਮਾਰ ਕਰਦੇ ਹਨ ਜਿਸ ਕਾਰਨ ਉਹ ਉਨ੍ਹਾਂ ਕੋਲ ਨਹੀਂ ਰਹਿਣਾ ਚਾਹੁੰਦੀ। ਲੜਕੀ ਦੇ ਬਿਆਨ ਲੈਣ ਮਗਰੋਂ ਜਦੋਂ ਉਸ ਨੂੰ ਜਲੰਧਰ ਚਿਲਡਰਨ ਹੋਮ ਸ਼ਿਫਟ ਕਰਨ ਦੀਆਂ ਤਿਆਰੀ ਕੀਤੀ ਜਾ ਰਹੀ ਸੀ ਤਾਂ ਉਸ ਨੂੰ ਸਿਵਲ ਹਸਪਤਾਲ ਦੇ ਸ਼ੈਲਟਰ ਹੋਮ ਭੇਜਿਆ ਗਿਆ। ਅਗਲੇ ਦਿਨ ਲੜਕੀ ਨੂੰ ਮੈਡੀਕਲ ਲਈ ਲਿਜਾਇਆ ਗਿਆ ਤਾਂ ਰਿਪੋਰਟ ਵਿੱਚ ਉਸ ਨੂੰ ਗਰਭਵਤੀ ਦੱਸਿਆ ਗਿਆ। ਲੜਕੀ ਨੂੰ ਬਿਆਨਾਂ ਲਈ ਜਦੋਂ ਮੈਜਿਸਟਰੇਟ ਕੋਲ ਲਿਜਾਇਆ ਗਿਆ ਤਾਂ ਉਸ ਨੇ ਉੱਥੇ ਵੀ ਸਿਰਫ ਮਾਰ ਕੁੱਟ ਵਾਲੀ ਗੱਲ ਹੀ ਮੰਨੀ। ਹੁਣ ਲੜਕੀ ਦੀ ਕੌਂਸਲਿੰਗ ਕੀਤੀ ਜਾਵੇਗੀ ਅਤੇ ਪਤਾ ਕੀਤਾ ਜਾਵੇਗਾ ਕਿ ਇਹ ਘਿਨੌਣਾ ਕੰਮ ਕਿਸ ਨੇ ਕੀਤਾ ਹੈ।
ਪੁਲੀਸ ਨੂੰ ਛੇ ਵਿਅਕਤੀਆਂ ’ਤੇ ਸ਼ੱਕ
ਇਸ ਮਾਮਲੇ ਵਿੱਚ ਪੁਲੀਸ ਦੇ ਸ਼ੱਕ ਦੀ ਸੂਈ ਛੇ ਲੋਕਾਂ ਉੱਤੇ ਟਿਕੀ ਹੋਈ ਹੈ। ਲੜਕੀ ਦਾ ਮਾਸੜ ਘਰ ਵਿੱਚ ਕੰਮ ਕਰਦਾ ਹੈ ਜਦਕਿ ਇੱਕ ਹੋਰ ਨੌਜਵਾਨ ਉਸ ਦੇ ਨਾਲ ਕੰਮ ਕਰਦਾ ਹੈ। ਇਸ ਤੋਂ ਇਲਾਵਾ ਲੜਕੀ ਦੇ ਮਾਸੜ ਦੇ ਪੰਜ ਪੁੱਤਰ ਹਨ। ਪੁਲੀਸ ਨੂੰ ਸ਼ੱਕ ਹੈ ਇਨ੍ਹਾਂ ਵਿੱਚੋਂ ਕੋਈ ਇੱਕ ਜਾਂ ਦੋ ਦੋਸ਼ੀ ਹੋ ਸਕਦੇ ਹਨ। ਥਾਣਾ ਮੁਖੀ ਜਬਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਲੜਕੀ ਦੇ ਮਾਸੀ-ਮਾਸੜ ਅਤੇ ਇੱਕ ਅਣਪਛਾਤੇ ਵਿਅਕਤੀ ਖਿਲਾਫ ਧਾਰਾ 376, ਪੋਕਸੋ ਐਕਟ ਅਤੇ ਜੁਵੀਨਾਈਲ ਜਸਟਿਸ (ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ) ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।