ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 6 ਜਨਵਰੀ
ਪਿੰਡ ਖਰਲ ਵਿੱਚ ਸਥਿਤ ਛੱਪੜ ਵਿੱਚੋਂ ਮੱਛੀਆਂ ਫੜਨ ਗਿਆ ਨੇਪਾਲੀ ਮਜ਼ਦੂਰ ਛੱਪੜ ਦੇ ਡੂੰਘੇ ਪਾਣੀ ਵਿੱਚ ਡੁੱਬ ਗਿਆ। ਦੋ ਦਿਨ ਬਾਅਦ ਵੀ ਉਸ ਦੀ ਕੋਈ ਉੱਘ ਸੁੱਘ ਨਹੀਂ ਲੱਗ ਸਕੀ।
ਜਾਣਕਾਰੀ ਅਨੁਸਾਰ ਪਿਛਲੇ ਪੰਜ ਸਾਲ ਤੋਂ ਰਾਜੂ ਨਾਮ ਦਾ ਇਹ ਮਜ਼ਦੂਰ ਪਿੰਡ ਖਰਲ ਵਿੱਚ ਜਸਬੀਰ ਸਿੰਘ ਦੇ ਘਰ ਰਹਿ ਰਿਹਾ ਸੀ ਤੇ ਮਿਹਨਤ ਮਜ਼ਦੂਰੀ ਕਰ ਕੇ ਰੋਜ਼ੀ ਰੋਟੀ ਚਲਾ ਰਿਹਾ ਸੀ। ਰੋਜ਼ ਵਾਂਗ ਮੰਗਲਵਾਰ ਨੂੰ ਬਾਅਦ ਦੁਪਹਿਰ ਕਰੀਬ 3 ਵਜੇ ਛੱਪੜ ਵਿੱਚੋਂ ਮੱਛੀਆਂ ਫੜਨ ਗਿਆ ਤੇ ਅਚਾਨਕ ਪੈਰ ਤਿਲਕਣ ਕਾਰਨ ਉਹ ਛੱਪੜ ’ਚ ਡਿਗ ਗਿਆ। ਰਾਜੂ ਨੂੰ ਬਚਾਉਣ ਲਈ ਗੋਤਾਖੋਰਾਂ ਨੇ ਛੱਪੜ ਵਿੱਚ ਕਾਫ਼ੀ ਭਾਲ ਕੀਤੀ ਪਰ ਉਸ ਦਾ ਅਤਾ ਪਤਾ ਨਾਂ ਲੱਗ ਸਕਿਆ। ਪਿੰਡ ਵਾਲਿਆਂ ਕਿਹਾ ਕਿ ਲੰਬਾ ਸਮਾਂ ਬੀਤ ਜਾਣ ਕਾਰਨ ਰਾਜੂ ਦੇ ਬਚਨ ਦੀ ਕੋਈ ਸੰਭਾਵਨਾ ਨਹੀਂ । ਗੋਤਾ ਖੋਰਾਂ ਨੇ ਦੱਸਿਆ ਕਿ ਪਾਣੀ ਡੂੰਘਾ ਹੋਣ ਅਤੇ ਦਲਦਲ ਹੋਣ ਕਾਰਨ ਰਾਜੂ ਦੀ ਲਾਸ਼ ਨਹੀਂ ਮਿਲ ਸਕੀ। ਉਨ੍ਹਾਂ ਨੇ ਦੱਸਿਆ ਕਿ ਛੱਪੜ ਵਿੱਚੋਂ ਪਾਣੀ ਘਟਾਉਣ ਲਈ ਪੰਪ ਲਗਾਏ ਗਏ ਸਨ ਅਤੇ ਭਾਲ ਅਜੇ ਵੀ ਜਾਰੀ ਹੈ।