ਪੱਤਰ ਪ੍ਰੇਰਕ
ਫਤਿਹਗੜ੍ਹ ਚੂੜੀਆਂ, 18 ਅਪਰੈਲ
ਸ਼ਬਦ ਸਾਂਝ ਲਾਇਬ੍ਰੇਰੀ ਮਾਨ ਸੈਂਡਵਾਲ ਵਿੱਚ ਸਾਹਿਤਕ ਸਮਾਗਮ ਮੌਕੇ ਭਾਪਾ ਪ੍ਰੀਤਮ ਸਿੰਘ ਦੀ ਤਸਵੀਰ ਸਥਾਪਤ ਕੀਤੀ ਗਈ। ਇਸ ਮੌਕੇ ਸਾਹਿਤਕਾਰਾਂ ਤੋਂ ਇਲਾਵਾ ਪਿੰਡ ਵਾਸੀ ਤੇ ਬੱਚਿਆਂ ਨੇ ਹਾਜ਼ਰੀ ਭਰੀ।
ਇਸ ਮੌਕੇ ਸਾਹਿਤਕ ਸਮਾਗਮ ਵਿੱਚ ਮੰਚ ਸੰਚਾਲਕ ਰਾਜਪਾਲ ਸਿੰਘ ਬਾਠ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਰੋਜ਼ੀ ਸਿੰਘ ਤੇ ਅਵਤਾਰ ਸਿੰਘ ਨੇ ਉੱਘੇ ਲੇਖਕ ਭਾਪਾ ਪ੍ਰੀਤਮ ਸਿੰਘ ਦੇ ਜੀਵਨ ਅਤੇ ਸਾਹਿਤਕ ਪ੍ਰਾਪਤੀਆਂ ਬਾਰੇ ਦੱਸਦਿਆਂ ਕਿਹਾ ਕਿ ਭਾਪਾ ਪ੍ਰੀਤਮ ਸਿੰਘ ਨੇ ਪੰਜਾਬੀ ਸਾਹਿਤ ਵਿੱਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ। ਉਨ੍ਹਾਂ ਵੱਲੋਂ ਸ਼ੁਰੂ ਕੀਤੇ ਗਏ ਆਰਸੀ ਮੈਗਜ਼ੀਨ ਦਾ ਪੰਜਾਬੀ ਸਾਹਿਤ ਵਿੱਚ ਬੜਾ ਉੱਚਾ ਸਥਾਨ ਹੈ। ਇਸ ਮੌਕੇ ਪ੍ਰੀਤਮ ਸਰਪੰਚ, ਪ੍ਰੀਤਮ ਬੱਬੂ, ਰੋਜ਼ੀ ਸਿੰਘ, ਰਾਜਪਾਲ ਬਾਠ, ਰਮਨਦੀਪ ਕੌਰ ਮਾਨ, ਬਾਬਾ ਬਲਦੇਵ ਸਿੰਘ ਅਤੇ ਭੁਪਿੰਦਰ ਸਿੰਘ ਮਾਨ ਨੇ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਰੋਜ਼ਾਨਾ ਲਾਇਬ੍ਰੇਰੀ ਵਿੱਚ ਆਉਣ ਵਾਲੇ ਬਾਲ ਪਾਠਕਾਂ ਵਿੱਚੋਂ ਰਾਇਮਾ, ਹਰਪ੍ਰੀਤ ਕੌਰ ਤੇ ਅਰਸ਼ਪ੍ਰੀਤ ਕੌਰ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ।