ਪੱਤਰ ਪ੍ਰੇਰਕ
ਪਠਾਨਕੋਟ, 30 ਮਈ
ਸਿਹਤ ਵਿਭਾਗ ਦੀ ਟੀਮ ਨੇ ਸਿਵਲ ਹਸਪਤਾਲ ਦੇ ਨਾਲ-ਨਾਲ ਜ਼ਿਲ੍ਹੇ ਦੇ ਸਾਰੇ ਕਮਿਊਨਿਟੀ ਹੈਲਥ ਸੈਂਟਰਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ ਪੀਣ ਵਾਲੇ ਪਾਣੀ ਦੇ ਨਮੂਨੇ ਭਰੇ।
ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ ਸਿਹਤ ਹਸਪਤਾਲ ਵਿੱਚ ਆਰਓ ਅਤੇ ਸਿਵਲ ਸਰਜਨ ਦਫ਼ਤਰ ਵਿੱਚ ਵਾਟਰ ਕੂਲਰ ਵਾਲੇ ਪਾਣੀ ਦੇ ਨਮੂਨੇ ਭਰੇ ਗਏ। ਇਸ ਦੇ ਇਲਾਵਾ ਸੀਐਚਸੀ ਨਰੋਟ ਜੈਮਲ ਸਿੰਘ, ਸੁਜਾਨਪੁਰ, ਘਰੋਟਾ, ਪੀਐਚਸੀ ਘਿਆਲਾ, ਗੁਰਦਾਸਪੁਰ ਭਾਈਆਂ, ਤਾਰਾਗੜ੍ਹ, ਬਮਿਆਲ, ਕਥਲੌਰ, ਬਾਰਠ ਸਾਹਿਬ ਅਤੇ ਭੋਆ ਤੋਂ ਵੀ ਪਾਣੀ ਦੀ ਜਾਂਚ ਲਈ ਨਮੂਨੇ ਭਰੇ ਗਏ। ਤਾਰਾਗੜ੍ਹ, ਕੂਈ, ਦੁਨੇਰਾ ਅਤੇ ਲੰਜੇਰਾ ਦੇ ਸਰਕਾਰੀ ਸਕੂਲਾਂ ਵਿੱਚੋਂ ਪਾਣੀ ਦੇ ਨਮੂਨੇ ਲਏ ਗਏ ਹਨ। ਟੀਮ ਵੱਲੋਂ ਹੈਂਡਪੰਪ, ਸਬਮਰਸੀਬਲ ਪੰਪ ਅਤੇ ਵਾਟਰ ਸਪਲਾਈ ਪਾਣੀ ਦੇ ਨਮੂਨੇ ਵੀ ਲਏ ਗਏ। ਇਸ ਤਰ੍ਹਾਂ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਭਰ ਵਿੱਚ ਕੁੱਲ ਪੀਣ ਵਾਲੇ ਪਾਣੀ ਦੇ 18 ਨਮੂਨੇ ਲਏ ਗਏ ਹਨ।
ਹੈਲਥ ਇੰਸਪੈਕਟਰ ਨੇ ਅੱਗੇ ਦੱਸਿਆ ਕਿ ਇਹ ਸਾਰੇ ਨਮੂਨੇ ਜਾਂਚ ਲਈ ਸਟੇਟ ਪਬਲਿਕ ਲੈਬਾਰਟਰੀ ਖਰੜ ਵਿੱਚ ਭੇਜੇ ਜਾ ਰਹੇ ਹਨ। ਉੱਥੇ ਪਾਣੀ ਵਿੱਚ ਬੈਕਟੀਰੀਆ ਅਤੇ ਰਸਾਇਣਾਂ ਦੀ ਮਾਤਰਾ ਦਾ ਨਿਰੀਖਣ ਕੀਤਾ ਜਾਵੇਗਾ।