ਪੱਤਰ ਪ੍ਰੇਰਕ
ਪਠਾਨਕੋਟ, 19 ਅਗਸਤ
ਨਾਜਾਇਜ਼ ਮਾਈਨਿੰਗ ਕਰਕੇ ਹਿਮਾਚਲ ਪ੍ਰਦੇਸ਼ ਵਿੱਚੋਂ ਰੇਤਾ ਤੇ ਬੱਜਰੀ ਲਿਆਉਣ ’ਤੇ ਮਾਈਨਿੰਗ ਅਧਿਕਾਰੀ ਅਤੇ ਪੁਲੀਸ ਨੇ ਸਾਂਝੇ ਤੌਰ ’ਤੇ ਕੰਦਰੋੜੀ ਮੋੜ ’ਤੇ ਨਾਕਾ ਲਗਾ ਕੇ ਬੱਜਰੀ ਨਾਲ ਭਰਿਆ ਟਿੱਪਰ ਕਾਬੂ ਕੀਤਾ ਹੈ। ਟਿੱਪਰ ਡਰਾਈਵਰ ਜੋਤੀ ਲਾਲ ਵਾਸੀ ਪਿੰਡ ਘੰਡਰਾਂ ਲੋਡ ਬੱਜਰੀ ਬਾਰੇ ਕੋਈ ਵੀ ਕਾਗਜ਼ਾਤ ਨਾ ਦਿਖਾ ਸਕਿਆ। ਇਸ ’ਤੇ ਥਾਣਾ ਨੰਗਲਭੂਰ ਵਿੱਚ 4(1)(ਏ), 21(1) ਮਾਈਨਜ਼ ਐਂਡ ਮਿਨਰਲਜ਼ ਐਕਟ 1957 ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮ ਜੋਤੀ ਲਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਮਾਮਲਾ ਕਾਰਜਕਾਰੀ ਇੰਜਨੀਅਰ-ਕਮ ਜ਼ਿਲ੍ਹਾ ਮਾਈਨਿੰਗ ਅਫਸਰ ਲਵਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਇਸੇ ਤਰ੍ਹਾਂ ਥਾਣਾ ਨੰਗਲਭੂਰ ਵਿੱਚ ਨਾਜਾਇਜ਼ ਮਾਈਨਿੰਗ ਦਾ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲੀਸ ਨੇ 3 ਟਰੈਕਟਰ ਟਰਾਲੀਆਂ ਨੂੰ ਕਬਜ਼ੇ ਵਿੱਚ ਲਿਆ ਹੈ। ਇਨ੍ਹਾਂ ਵਿੱਚ ਨਾਜਾਇਜ਼ ਮਾਈਨਿੰਗ ਕਰ ਕੇ ਰੇਤਾ, ਬੱਜਰੀ ਭਰੀ ਹੋਈ ਸੀ। ਇਨ੍ਹਾਂ ਤਿੰਨਾਂ ਦੇ ਡਰਾਈਵਰ ਭੱਜਣ ਵਿੱਚ ਸਫਲ ਹੋ ਗਏ। ਇਸ ’ਤੇ ਪੁਲੀਸ ਨੇ ਤਿੰਨ ਅਣਪਛਾਤੇ ਡਰਾਈਵਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸੁਖਦੀਪ ਸਿੰਘ ਜੂਨੀਅਰ ਇੰਜਨੀਅਰ-ਕਮ ਮਾਈਨਿੰਗ ਇੰਸਪੈਕਟਰ ਕਠੂਆ ਉਪ-ਮੰਡਲ ਮਲਿਕਪੁਰ ਨੇ ਨੰਗਲਭੂਰ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਕਿ ਪਿੰਡ ਮੀਰਥਲ ਵਿੱਚ ਪਿੰਡ ਵਾਸੀਆਂ ਨੇ ਰੇਤਾ, ਬੱਜਰੀ ਨਾਲ ਭਰੀਆਂ 3 ਟਰੈਕਟਰ ਟਰਾਲੀਆਂ ਨੂੰ ਰੋਕ ਰੱਖਿਆ ਹੈ। ਇਸ ’ਤੇ ਉਹ ਮੌਕੇ ਉਪਰ ਪੁੱਜੇ ਅਤੇ ਤਿੰਨਾਂ ਟਰੈਕਟਰ ਟਰਾਲੀਆਂ ਨੂੰ ਕਬਜ਼ੇ ਵਿੱਚ ਲੈ ਕੇ ਨੰਗਲਭੂਰ ਪੁਲੀਸ ਦੇ ਹਵਾਲੇ ਕਰ ਦਿੱਤਾ। ਏਐੱਸਆਈ ਸੰਜੀਵ ਕੁਮਾਰ ਨੇ ਦੱਸਿਆ ਕਿ ਤਿੰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
ਬਿਆਸ ਦਰਿਆ ਵਿੱਚੋਂ ਰੇਤ ਚੋਰੀ; ਕੇਸ ਦਰਜ
ਤਰਨ ਤਾਰਨ: ਮਾਈਨਿੰਗ ਅਧਿਕਾਰੀ ਅਕਾਸ਼ਦੀਪ ਦੀ ਅਗਵਾਈ ਵਿੱਚ ਵੈਰੋਵਾਲ ਪੁਲੀਸ ਨੇ ਵੀਰਵਾਰ ਨੂੰ ਬਿਆਸ ਦਰਿਆ ਵਿੱਚੋਂ ਚੋਰੀ ਕੀਤੀ ਰੇਤ ਦੀ ਭਰੀ ਟਰਾਲੀ ਟਰੈਕਟਰ ਸਮੇਤ ਕਬਜ਼ੇ ਵਿੱਚ ਲਈ| ਮਾਈਨਿੰਗ ਅਧਿਕਾਰੀ ਨੇ ਦੱਸਿਆ ਕਿ ਟਰੈਕਟਰ ਨਾਲ ਬੱਝੀ ਟਰਾਲੀ ਵਿੱਚ ਬਿਆਸ ਦਰਿਆ ਵਿੱਚੋਂ 425 ਫੁੱਟ ਰੇਤ ਚੋਰੀ ਕਰਕੇ ਲੈ ਕੇ ਆਇਆ ਵਿਅਕਤੀ ਪੁਲੀਸ ਪਾਰਟੀ ਨੂੰ ਦੇਖ ਕੇ ਫਰਾਰ ਹੋ ਗਿਆ| ਇਸ ਸਬੰਧੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ| -ਪੱਤਰ ਪ੍ਰੇਰਕ