ਗੁਰਦਾਸਪੁਰ, 15 ਸਤੰਬਰ
ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਤੰਗ ਕੀਤੇ ਜਾਣ ਕਾਰਨ ਵਿਆਹੁਤਾ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ ਹੈ। ਪੁਲੀਸ ਨੇ ਉਸ ਦੀ ਪਤਨੀ, ਸਾਲੇ ਅਤੇ ਸੱਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਮੰਗਤ ਮਸੀਹ ਪੁੱਤਰ ਨਿਆਮਤ ਮਸੀਹ ਵਾਸੀ ਪੂਰੋਵਾਲ ਜੱਟਾਂ ਨੇ ਦੱਸਿਆ ਕਿ ਉਸ ਦੇ ਲੜਕੇ ਜੈਕਬ ਭੱਟੀ (27) ਦਾ ਵਿਆਹ ਬੀਤੇ ਸਾਲ 28 ਫਰਵਰੀ ਨੂੰ ਪ੍ਰੀਤੀ ਪੁੱਤਰੀ ਦਾਨੀਅਲ ਮਸੀਹ ਵਾਸੀ ਦੋਲੇਵਾਲ ਨਾਲ ਹੋਇਆ ਸੀ। ਇਸ ਜੋੜੇ ਦੀ 10 ਮਹੀਨਿਆਂ ਦੀ ਬੱਚੀ ਵੀ ਹੈ। ਬੇਟੀ ਦੇ ਜਨਮ ਤੋਂ ਬਾਅਦ ਜੈਕਬ ਦਾ ਸਾਲਾ ਨੰਨੂ ਅਤੇ ਸੱਸ ਭੋਲੀ, ਜੈਕਬ ਨਾਲ ਕਥਿਤ ਤੌਰ ’ਤੇ ਝਗੜਾ ਕਰਕੇ ਉਸ ਦੀ ਪਤਨੀ ਨੂੰ ਅਕਸਰ ਪੇਕੇ ਘਰ ਲੈ ਜਾਂਦੇ ਸਨ। ਬੀਤੀ 13 ਸਤੰਬਰ ਨੂੰ ਵੀ ਜੈਕਬ ਦੇ ਸਹੁਰੇ ਪਰਿਵਾਰ ਦੇ ਮੈਂਬਰ ਉਸ ਦੇ ਘਰ ਆਏ ਅਤੇ ਜੈਕਬ ਨੂੰ ਕਥਿਤ ਤੌਰ ’ਤੇ ਧਮਕਾਉਣ ਲੰਗ ਪਏ। ਇਸ ਮਗਰੋਂ ਉਹ ਪ੍ਰੀਤੀ ਨੂੰ ਆਪਣੇ ਨਾਲ ਪੇਕੇ ਘਰ ਲੈ ਗਏ। ਇਸ ਗੱਲ ਤੋਂ ਜੈਕਬ ਪ੍ਰੇਸ਼ਾਨ ਹੋ ਗਿਆ। ਮੰਗਲਵਾਰ ਸਵੇਰੇ ਉਸ ਨੇ ਦੁਖੀ ਹੋ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਉਸ ਨੂੰ ਇਲਾਜ ਲਈ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਦੇਰ ਰਾਤ ਉਹ ਦਮ ਤੋੜ ਗਿਆ। ਸਦਰ ਪੁਲੀਸ ਨੇ ਜੈਕਬ ਦੀ ਪਤਨੀ ਪ੍ਰੀਤੀ, ਸਾਲੇ ਨੰਨੂ ਅਤੇ ਸੱਸ ਭੋਲੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।