ਗੁਰਬਖਸ਼ਪੁਰੀ
ਤਰਨ ਤਾਰਨ, 30 ਦਸੰਬਰ
ਇਲਾਕੇ ਦੇ ਪਿੰਡ ਮੀਆਂਪੁਰ ਦੀਆਂ ਦੋ ਧਿਰਾਂ ਦਰਮਿਆਨ ਚੱਲਦੀ ਖਿੱਚੋਤਾਣ ਕਰਕੇ ਬੀਤੀ ਸ਼ਾਮ ਗੋਲੀ ਚੱਲ ਜਾਣ ਨਾਲ ਪਿੰਡ ਦੀ ਸਰਪੰਚ ਮਨਜੀਤ ਕੌਰ ਦੇ ਵਿਰੋਧੀ ਧੜੇ ਨਾਲ ਸਬੰਧਤ ਇੱਕ ਵਿਅਕਤੀ ਦੀ ਮੌਤ ਹੋ ਗਈ| ਮ੍ਰਿਤਕ ਦੀ ਸ਼ਨਾਖਤ ਸ਼ਮਸ਼ੇਰ ਸਿੰਘ (30) ਵਜੋਂ ਹੋਈ ਹੈ। ਕਤਲ ਦੇ ਦੋਸ਼ ਹੇਠ ਥਾਣਾ ਸਰਾਏ ਅਮਾਨਤ ਖਾਂ ਦੀ ਪੁਲੀਸ ਨੇ ਛੇ ਵਿਅਕਤੀਆਂ ਨੂੰ ਮੁਲਜ਼ਮ ਨਾਮਜ਼ਦ ਕੀਤਾ ਹੈ| ਮੁਲਜ਼ਮਾਂ ਵਿੱਚੋਂ ਸਰਪੰਚ ਮਨਜੀਤ ਕੌਰ, ਉਸ ਦੇ ਪਤੀ ਸਤਨਾਮ ਸਿੰਘ, ਲੜਕੇ ਅੰਮ੍ਰਿਤਪਾਲ ਸਿੰਘ ਅਤੇ ਜੁਗਰਾਜ ਸਿੰਘ ਦੀ ਸ਼ਨਾਖਤ ਕਰ ਲਈ ਗਈ ਹੈ ਜਦਕਿ ਦੋ ਦੀ ਪਛਾਣ ਬਾਕੀ ਹੈ| ਵਾਰਦਾਤ ਦਾ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਗੈਂਗਸਟਰ ਹੈ ਅਤੇ ਉਸ ਨੂੰ ਪੁਲੀਸ ਨੇ ਭਗੌੜਾ ਅਪਰਾਧੀ ਵੀ ਐਲਾਨਿਆ ਹੋਇਆ ਹੈ| ਸ਼ਮਸ਼ੇਰ ਸਿੰਘ ਕੱਲ੍ਹ ਸ਼ਾਮ ਨੂੰ ਆਪਣੇ ਚਾਚਾ ਅੰਗਰੇਜ ਸਿੰਘ ਨਾਲ ਖੇਤਾਂ ਤੋਂ ਆਪਣੇ ਮੋਟਰ ਸਾਈਕਲ ਉੱਤੇ ਸਵਾਰ ਹੋ ਕੇ ਘਰ ਆ ਰਿਹਾ ਸੀ| ਉਹ ਮੁਲਜ਼ਮ ਅੰਮ੍ਰਿਤਪਾਲ ਸਿੰਘ ਦੇ ਘਰ ਨੇੜਿਓਂ ਲੰਘਣ ਲੱਗਾ ਤਾਂ ਨਜਾਇਜ਼ ਬੰਦੂਕਾਂ-ਰਿਵਾਲਵਰਾਂ ਆਦਿ ਨਾਲ ਲੈਸ ਹੋਏ ਬੈਠੇ ਮੁਲਾਜ਼ਮਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ| ਸ਼ਮਸ਼ੇਰ ਸਿੰਘ ਨੂੰ ਛੇਹਰਟਾ ਦੇ ਇੱਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਜਿਥੇ ਡਾਕਟਰਾਂ ਨੇ ਉਸ ਨੂੰ ਮਿਰਤਕ ਐਲਾਨ ਦਿੱਤਾ| ਡੀਐੱਸਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਧਾਰਾ 302,148,149, 120-ਬੀ ਅਧੀਨ ਇਕ ਕੇਸ ਦਰਜ ਕੀਤਾ ਗਿਆ ਹੈ| ਮੁਲਜ਼ਮ ਵਾਰਦਾਤ ਕਰਨ ਉਪਰੰਤ ਮੌਕੇ ਤੋਂ ਫ਼ਰਾਰ ਹੋ ਗਏ ਹਨ|
ਸੂਤਰਾਂ ਅਨੁਸਾਰ ਸ਼ਮਸ਼ੇਰ ਸਿੰਘ ਸਰਪੰਚੀ ਦੀ ਚੋਣ ਲੜਨ ਲਈ ਹੁਣ ਤੋਂ ਹੀ ਤਿਆਰੀਆਂ ਕਰ ਰਿਹਾ ਸੀ ਜਿਸ ਤੋਂ ਅੰਮ੍ਰਿਤਪਾਲ ਸਿੰਘ ਨੂੰ ਚਿੜ ਸੀ| ਇਸੇ ਕਰਕੇ ਉਹ ਬੀਤੇ ਸਮੇਂ ਤੋਂ ਸ਼ਮਸ਼ੇਰ ਸਿੰਘ ਉੱਤੇ ਹਮਲਾ ਕਰਨ ਦੀ ਤਾਕ ਵਿੱਚ ਸੀ| ਡੀਐੱਸਪੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਵਾਰਦਾਤ ਵਿੱਚ ਨਜਾਇਜ਼ ਹਥਿਆਰਾਂ ਦੀ ਵਰਤੋ ਕੀਤੀ ਗਈ ਹੈ| ਪੁਲੀਸ ਇਸ ਗੱਲ ਨਾਲ ਵੀ ਸਹਿਮਤ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਸੂਬੇ ਦੇ ਚੋਟੀ ਦੇ ਗੈਂਗਸਟਰਾਂ ਨਾਲ ਸਬੰਧ ਹਨ ਅਤੇ ਉਸ ਖਿਲਾਫ਼ ਪਹਿਲਾਂ ਵੀ ਸੰਗੀਨ ਅਪਰਾਧਾਂ ਦੇ 13 ਮਾਮਲੇ ਦਰਜ ਹਨ ਮ੍ਰਿਤਕ ਦੇ ਚਾਚਾ ਅੰਗਰੇਜ ਸਿੰਘ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਖਿਲਾਫ਼ ਅਨੇਕਾਂ ਅਪਰਾਧਕ ਕੇਸ ਦਰਜ ਹੋਣ ਤੋਂ ਇਲਾਵਾ ਭਗੌੜਾ ਅਪਰਾਧੀ ਹੋਣ ’ਤੇ ਵੀ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਸੀ ਕਰ ਰਹੀ| ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਇਸ ਸਬੰਧੀ ਕੁੱਝ ਵੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ| ਜ਼ਿਲ੍ਹਾ ਪੁਲੀਸ ਮੁਖੀ ਨੇ ਨਾ ਤਾਂ ਮੋਬਾਈਲ ਉੱਤੇ ਅਤੇ ਨਾ ਹੀ ਐੱਸਐੱਮਐੱਸ ਦਾ ਕੋਈ ਜਵਾਬ ਦੇਣਾ ਵਾਜਬ ਸਮਝਿਆ ਹੈ।