ਪੱਤਰ ਪ੍ਰੇਰਕ
ਪਠਾਨਕੋਟ, 15 ਸਤੰਬਰ
‘ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਚਟਾਨ ਦੀ ਤਰ੍ਹਾਂ ਖੜ੍ਹੇ ਹਨ। ਇਹ ਉਸ ਮੰਡੀ ਦਾ ਮਾਲ ਨਹੀਂ ਹਨ, ਜਿਥੇ ਵਿਕਾਊ ਚੀਜ਼ਾਂ ਵਿਕਦੀਆਂ ਹਨ। ਅਸੀਂ ਪੰਜਾਬ ਬਦਲਣ ਆਏ ਹਾਂ ਤੇ ਇੱਕ ਮਿਸ਼ਨ ਤਹਿਤ ਕੰਮ ਕਰ ਰਹੇ ਹਾਂ। ਇਸ ਕਰਕੇ ਸਾਨੂੰ ਇਸ ਤਰ੍ਹਾਂ ਦੀ ਕੋਈ ਚਿੰਤਾ ਨਹੀਂ, ਜਿਹੜਾ ਵੀ ਆਵੇਗਾ-ਖਾਲੀ ਹੱਥ ਵਾਪਸ ਜਾਵੇਗਾ।’
ਇਹ ਪ੍ਰਗਟਾਵਾ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅਪਰੇਸ਼ਨ ਲੋਟਸ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕੀਤਾ। ਮੰਤਰੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਵਿਰੋਧੀ ਧਿਰਾਂ ਖਾਸ ਕਰ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਵੜਿੰਗ ਦੇ ਇਨ੍ਹਾਂ ਦੋਸ਼ਾਂ ਕਿ ਇਹ ਆਮ ਆਦਮੀ ਪਾਰਟੀ ਦਾ ਰਾਜਸੀ ਸਟੰਟ ਹੈ। ਮੰਤਰੀ ਨੇ ਕਿਹਾ ਕਿ ਸਟੰਟ ਵਾਲੀ ਕੋਈ ਗੱਲ ਨਹੀਂ ਹੈ। ਭਾਜਪਾ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੈ ਤੇ ਕਰਦੀ ਹੈ। ਅਜੇ ਕੱਲ੍ਹ ਹੀ ਗੋਆ ਵਿੱਚ ਜੋ ਇਸ ਪਾਰਟੀ ਨੇ ਕੀਤਾ ਹੈ, ਉਹ ਸਭ ਦੇ ਸਾਹਮਣੇ ਹੈ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਕਿਹਾ ਕਿ ਝੋਨੇ ਦਾ ਸੀਜ਼ਨ ਆ ਗਿਆ ਹੈ। ਪੂਰੇ ਪੰਜਾਬ ਅੰਦਰ ਅਸੀਂ ਪਰਾਲੀ ਨੂੰ ਅੱਗ ਨਹੀਂ ਲੱਗਣ ਦੇਣੀ। ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਕਿਸਾਨਾਂ ਨੂੰ ਪ੍ਰੇਰਿਤ ਕਰਨਾ ਹੈ। ਮੰਤਰੀ ਦਾ ਕਹਿਣਾ ਸੀ ਕਿ ਇਸ ਬਾਰੇ ਸਾਰੇ ਅਧਿਕਾਰੀਆਂ ਨਾਲ ਬੈਠ ਕੇ ਯੋਜਨਾ ਤਿਆਰ ਕੀਤੀ ਗਈ ਹੈ ਤੇ ਅਧਿਕਾਰੀਆਂ ਨੇ ਵੀ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਵਾਰ ਪਠਾਨਕੋਟ ਜ਼ਿਲ੍ਹੇ ਵਿੱਚ ਖੜ੍ਹੇ ਨਾੜ ਨੂੰ ਜਾਂ ਪਰਾਲੀ ਨੂੰ ਅੱਗ ਨਹੀਂ ਲੱਗਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਬਾਰੇ ਪਠਾਨਕੋਟ ਵਿੱਚ ਇਹ ਪਹਿਲੀ ਮੀਟਿੰਗ ਹੈ ਤੇ ਬਾਕੀ ਜ਼ਿਲ੍ਹਿਆਂ ਅੰਦਰ ਵੀ ਮੀਟਿੰਗਾਂ ਕੀਤੀਆਂ ਜਾਣਗੀਆਂ।
ਮੰਤਰੀ ਦੀ ਆਮਦ ਮੌਕੇ ਕਿਸਾਨਾਂ ਵੱਲੋਂ ਧਰਨਾ
ਪਠਾਨਕੋਟ: ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਪਲਵਿੰਦਰ ਸਿੰਘ ਗਠੋਲਾ ਦੀ ਅਗਵਾਈ ’ਚ ਕਿਸਾਨਾਂ ਨੇ ਅੱਜ ਇਥੇ ਡਿਪਟੀ ਕਮਿਸ਼ਨਰ ਕੰਪਲੈਕਸ ਵਿੱਚ ਮੁਆਵਜ਼ੇ ਦੀ ਮੰਗ ਲਈ ਧਰਨਾ ਦਿੱਤਾ। ਇਹ ਧਰਨਾ ਉਸ ਵੇਲੇ ਦਿੱਤਾ ਗਿਆ ਜਦੋਂ ਪੰਚਾਇਤ ਤੇ ਪੇਂਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਡਿਪਟੀ ਕਮਿਸ਼ਨਰ ਦਫਤਰ ’ਚ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਇਸ ਮੌਕੇ ਹਾਲਤ ਨੂੰ ਵਿਗੜਨ ਤੋਂ ਬਚਾਉਣ ਲਈ ਕਾਫੀ ਗਿਣਤੀ ’ਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਜ਼ਿਲ੍ਹਾ ਪੁਲੀਸ ਮੁਖੀ ਨੇ ਧਰਨਾਕਾਰੀਆਂ ਨੂੰ ਇਸ ਗੱਲ ਲਈ ਮਨਾਇਆ ਕਿ ਉਨ੍ਹਾਂ ਦੇ ਵਫਦ ਦੀ ਮੰਤਰੀ ਨਾਲ ਮੀਟਿੰਗ ਕਰਵਾ ਦਿੰਦੇ ਹਨ। ਮੀਟਿੰਗ ’ਚ ਕਿਸਾਨ ਆਗੂਆਂ ਨੇ ਮੰਤਰੀ ਨੂੰ ਦੱਸਿਆ ਕਿ ਉਹ ਇਸ ਜ਼ਿਲ੍ਹੇ ਦੇ ਪਿੰਡ ਐਮਾ ਗੁੱਜਰਾਂ, ਸੁਕਾਲਗੜ੍ਹ, ਰਾਜਪਰੂਰਾ, ਗੁਲਪੁਰ ਸਿੰਬਲੀ, ਜਸਵਾਲੀ, ਛੰਨੀ ਮੁਕੀਮਪੁਰ, ਕਟਾਰੂਚੱਕ, ਕੋਟਲੀ ਮੁਗਲਾਂ ਆਦਿ ਦੇ ਰਹਿਣ ਵਾਲੇ ਹਨ ਤੇ ਖੇਤੀਬਾੜੀ ਕਰਕੇ ਆਪਣੇ ਪਰਿਵਾਰਾਂ ਦੀ ਰੋਜ਼ੀ ਰੋਟੀ ਕਮਾ ਰਹੇ ਹਨ ਪਰ ਇਸ ਵਾਰ ਝੋਨੇ ਦੀ ਲਗਾਈ ਗਈ ਫਸਲ ਕਿਸੇ ਅਗਿਆਤ ਬਿਮਾਰੀ ਕਾਰਨ 70 ਪ੍ਰਤੀਸ਼ਤ ਖਰਾਬ ਹੋ ਗਈ ਹੈ। ਇਸ ਕਾਰਨ ਉਨ੍ਹਾਂ ਨੂੰ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।