ਪੱਤਰ ਪ੍ਰੇਰਕ
ਤਰਨ ਤਾਰਨ, 15 ਅਕਤੂਬਰ
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬਹਿੜਵਾਲ ਤੇ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਧੁੰਨਾ ਕੇਂਦਰ ਸਰਕਾਰ ਵੱਲੋਂ ਬੀਐੱਸਐੱਫ ਦੇ ਘੇਰੇ ਨੂੰ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਤੱਕ ਕਰਨ ਨੂੰ ਦੇਸ਼ ਦੇ ਸੰਘੀ ਢਾਂਚੇ ’ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ| ‘ਆਪ’ ਆਗੂਆਂ ਨੇ ਕਿਹਾ ਕਿ ਅਜਿਹਾ ਕਰਨ ਨਾਲ ਕੇਂਦਰ ਸਰਕਾਰ ਜਿਥੇ ਪੰਜਾਬ ਅੰਦਰ ਅਣਐਲਾਨੀ ਐਮਰਜੈਂਸੀ ਲਾਗੂ ਕਰੇਗੀ ਉਥੇ ਕਰੀਬ ਅੱਧੇ ਪੰਜਾਬ ਦੀ ਹਕੂਮਤ ਕੇਂਦਰ ਸਰਕਾਰ ਆਪਣੇ ਹੱਥਾਂ ਵਿੱਚ ਕਰ ਲਵੇਗੀ| ਇਸ ਦੌਰਾਨ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਵੱਲੋਂ ਅੱਜ ਇੱਥੇ ਮੀਟਿੰਗ ਕਰਕੇ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਸਿਹਤ ਸਹੂਲਤਾਂ ਦੇਣ ਲਈ ਕੀਤੇ ਵਾਅਦਿਆਂ ਦਾ ਘਰ-ਘਰ ਪ੍ਰਚਾਰ ਕਰਨ ਦੀ ਯੋਜਨਾਬੰਦੀ ਕੀਤੀ| ਹਲਕਾ ਕੋਆਰਡੀਨੇਟਰ ਪ੍ਰਿੰਸੀਪਲ ਜਤਿੰਦਰ ਕੌਰ, ਕਮਲੇਸ਼ ਚੌਧਰੀ ਅਤੇ ਕੁਲਬੀਰ ਕੌਰ ਦੀ ਅਗਵਾਈ ਵਿੱਚ ਕੀਤੀ ਇਸ ਮੀਟਿੰਗ ਨੂੰ ਪਾਰਟੀ ਦੇ ਹਲਕਾ ਇੰਚਾਰਜ ਡਾ. ਕਸ਼ਮੀਰ ਸਿੰਘ ਸੋਹਲ ਨੇ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮਨਬੀਰ ਕੌਰ, ਸਿਮਰਜੀਤ ਕੌਰ, ਅਮਰੀਕ ਸਿੰਘ ਮਲੀਆ, ਕੁਲਵੰਤ ਸਿੰਘ ਪੰਨੂ, ਗੁਰਜੀਤ ਸਿੰਘ ਝਾਮਕਾ ਨੇ ਵੀ ਸੰਬੋਧਨ ਕੀਤਾ|