ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 23 ਜੁਲਾਈ
ਹਲਕਾ ਖਡੂਰ ਸਾਹਿਬ ਵਿੱਚ ਆਮ ਆਦਮੀ ਪਾਰਟੀ ਦੀਆਂ ਜ਼ਿਆਦਾ ਦਾਅਵੇਦਾਰੀਆਂ ਤੋਂ ਦੁਖੀ ‘ਆਪ’ ਆਗੂ ਮਨਜਿੰਦਰ ਸਿੰਘ ਲਾਲਪੁਰਾ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਆਪਣੀ ਹੀ ਪਾਰਟੀ ਖ਼ਿਲਾਫ਼ ਭੜਾਸ ਕੱਢਦੇ ਹੋਏ ਪਾਰਟੀ ਦੀ ਸੀਨੀਅਰ ਲੀਡਰਸ਼ਿੱਪ ਅਤੇ ਆਗੂਆ ਦੀ ਪੁੱਛ ਪ੍ਰਤੀਤ ਨਾ ਹੋਣ ’ਤੇ ਕਈ ਸਵਾਲ ਖੜ੍ਹੇ ਕੀਤੇ ਹਨ। ਮਨਜਿੰਦਰ ਸਿੰਘ ਲਾਲਪੁਰ ਨੇ ਆਪਣੀ ਫੇਸਬੁੱਕ ’ਤੇ ਲਾਈਵ ਹੋ ਕੇ 2013 ਤੋਂ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਸੁਰਜੀਤ ਕਰਨ ਅਤੇ ਆਮ ਆਦਮੀ ਪਾਰਟੀ ਲਈ ਦਿਨ-ਰਾਤ ਇੱਕ ਕਰਨ ਦੀ ਦੁਹਾਈ ਪਾਈ ਹੈ। ਜ਼ਿਕਰਯੋਗ ਹੈ ਕਿ ਹਲਕਾ ਖਡੂਰ ਸਾਹਿਬ ਤੋਂ 2022 ਲਈ ਟਿਕਟ ਲਈ ਜ਼ੋਰ ਅਜਮਾਇਸ਼ ਕਰ ਰਹੇ ਮਨਜਿੰਦਰ ਸਿੰਘ ਲਾਲਪੁਰ ਹਲਕੇ ਵਿੱਚ ਟਿਕਟ ਹਾਸਲ ਕਰਨ ਦੀਆ ਜ਼ਿਆਦਾ ਦਾਅਵੇਦਾਰੀ ਅਤੇ ਦਖਲਅੰਦਾਜ਼ੀ ਤੋਂ ਖਫਾ ਚੱਲਦੇ ਆ ਰਹੇ ਸਨ। ਲਾਲਪੁਰਾ ਨੇ ਆਪਣੇ ਲਾਈਵ ਵਿੱਚ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ ਪਰ ਪਾਰਟੀ ਦੀਆ ਗਲਤ ਨੀਤੀਆ ਪਾਰਟੀ ਦਾ ਨੁਕਸਾਨ ਕਰ ਰਹੀਆ ਹਨ ਸਾਡੇ ਉੱਤੇ ਬਾਹਰੀ ਬੰਦੇ ਲਿਆ ਕੇ ਥੋਪੇ ਜਾ ਰਹੇ ਹਨ ਜਿਨ੍ਹਾਂ ਦੀ ਪਾਰਟੀ ਨੂੰ ਕੋਈ ਦੇਣ ਨਹੀ। ਉਨ੍ਹਾਂ ਕਿਹਾ ਕਿ ਪਾਰਟੀ ਵਿੱਚ ਲੰਮੇ ਸਮੇ ਤੋਂ ਕੰਮ ਕਰਨ ਵਾਲਿਆ ਨੂੰ ਲਾਂਭੇ ਕਰ ਕੇ ਘਡੰਮ ਆਗੂਆ ਨੂੰ ਅੱਗੇ ਕੀਤਾ ਜਾ ਰਿਹਾ ਹੈ ਜਿਸ ਨਾਲ 2022 ਦੀ ਜਿੱਤ ਦਾ ਸੁਪਨਾ ਕਦੇ ਪੂਰਾ ਨਹੀਂ ਹੋ ਸਕਦਾ।