ਐੱਨਪੀ. ਧਵਨ
ਪਠਾਨਕੋਟ, 14 ਨਵੰਬਰ
ਪੰਜਾਬ ਅੰਦਰ ‘ਆਪ’ ਦੀ ਸਰਕਾਰ ਬਣਨ ’ਤੇ ਸੂਬੇ ਵਿੱਚ ਹੁੰਦਾ ਨਾਜਾਇਜ਼ ਖਣਨ ਖਤਮ ਕੀਤਾ ਜਾਵੇਗਾ ਅਤੇ ਪਹਿਲਾਂ ਹੋਏ ਨਾਜਾਇਜ਼ ਖਣਨ ਖ਼ਿਲਾਫ਼ ਕਾਰਵਾਈ ਕਰਨ ਲਈ ਲੋਕਾਂ ਦਾ ਕਮਿਸ਼ਨ ਬਣਾਇਆ ਜਾਵੇਗਾ। ਇਸ ਕਮਿਸ਼ਨ ਵੱਲੋਂ ਦਿੱਤੀ ਗਈ ਰਿਪੋਰਟ ਅਨੁਸਾਰ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਜੁਰਮਾਨੇ ਲਗਾਏ ਜਾਣਗੇ ਤੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ। ਇਹ ਪ੍ਰਗਟਾਵਾ ‘ਆਪ’ ਆਗੂ ਤੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਹਲਕਾ ਭੋਆ ਦੇ ਕਸਬਾ ਸਰਨਾ ਵਿੱਚ ਵਪਾਰੀਆਂ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਮਗਰੋਂ ਕੀਤਾ। ਇਸ ਮੌਕੇ ਹਲਕਾ ਇੰਚਾਰਜ ਤੇ ਪੰਜਾਬ ਐੱਸਸੀ ਵਿੰਗ ਦੇ ਪ੍ਰਧਾਨ ਲਾਲ ਚੰਦ ਕਟਾਰੂਚੱਕ, ਜ਼ਿਲ੍ਹਾ ਪ੍ਰਧਾਨ ਕੈਪਟਨ ਸੁਨੀਲ ਗੁਪਤਾ, ਜ਼ਿਲ੍ਹਾ ਮੀਡੀਆ ਇੰਚਾਰਜ ਵਿਜੈ ਕਟਾਰੂਚੱਕ, ਡਾ. ਗੁਲਜ਼ਾਰ ਠਾਕੁਰ, ਹਲਕਾ ਪਠਾਨਕੋਟ ਦੇ ਇੰਚਾਰਜ ਵਿਭੂਤੀ ਸ਼ਰਮਾ, ਮਨੋਹਰ ਠਾਕੁਰ, ਸੰਦੀਪ ਸੈਣੀ, ਕੁਲਵੰਤ ਸਿੰਘ, ਚੰਦਨ ਵਰਮਾ, ਨਰੇਸ਼ ਸੈਣੀ, ਬਿਸ਼ਨ ਸ਼ਾਹ ਤੇ ਦਲਬੀਰ ਸੈਣੀ ਹਾਜ਼ਰ ਸਨ।
ਇਸ ਮੌਕੇ ਹਾਜ਼ਰ ਲੋਕਾਂ ਨੇ ਮੁੱਖ ਰੂਪ ਵਿੱਚ ਨਾਜਾਇਜ਼ ਖਣਨ ਦਾ ਮਾਮਲਾ ਚੁੱਕਦਿਆਂ ਇਸ ਸਮੱਸਿਆ ਨੂੰ ਛੇਤੀ ਤੋਂ ਛੇਤੀ ਹੱਲ ਕਰਨ ਦੀ ਮੰਗ ਕੀਤੀ। ਕੁੰਵਰ ਵਿਜੈ ਪ੍ਰਤਾਪ ਦਾ ਕਹਿਣਾ ਸੀ ਕਿ ਇਸ ਹਲਕੇ ਦਾ ਸਮੂਹਕ ਵਿਕਾਸ ਕਰਵਾਇਆ ਜਾਵੇਗਾ। ਜਿਸ ਤਹਿਤ ਪਠਾਨਕੋਟ ਤੇ ਇਸ ਪਛੜੇ ਖੇਤਰ ਵਿੱਚ 2 ਮਲਟੀ ਸਪੈਸ਼ਿਐਲਿਟੀ ਹਸਪਤਾਲ ਖੋਲ੍ਹੇ ਜਾਣਗੇ ਤੇ ਗੰਨਾ ਮਿੱਲ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਲੋਕ ਮਰਾੜਾ ਵਿੱਚ ਰਾਵੀ ਦਰਿਆ ’ਤੇ ਪੁਲ ਦੀ ਮੰਗ ਕਰ ਰਹੇ ਹਨ ਤੇ ‘ਆਪ’ ਦੀ ਸਰਕਾਰ ਬਣਨ ’ਤੇ ਇਹ ਮੰਗ ਪਹਿਲ ਦੇ ਆਧਾਰ ’ਤੇ ਪੂਰੀ ਕੀਤੀ ਜਾਵੇਗੀ।